ਸਵੱਛ ਸਰਵੇਖਣ 2025-26: ਚੰਡੀਗੜ੍ਹ ਨੇ ਦੇਸ਼ ਭਰ ’ਚ ਹਾਸਲ ਕੀਤਾ ਦੂਜਾ ਸਥਾਨ

Top Trending News ਚੰਡੀਗੜ੍ਹ ਪੰਜਾਬ
  • ਸਵੱਛ ਸਰਵੇਖਣ 2025-26: ਚੰਡੀਗੜ੍ਹ ਨੇ ਦੇਸ਼ ਭਰ ’ਚ ਹਾਸਲ ਕੀਤਾ ਦੂਜਾ ਸਥਾਨ

ਚੰਡੀਗੜ੍ਹ: 11 ਨਵੰਬਰ (ਦੇਸ਼ ਕਲਿੱਕ ਬਿਊਰੋ): ਸਵੱਛ ਸਰਵੇਖਣ 2025-26 ਦੇ ਐਲਾਨੇ ਨਤੀਜਿਆਂ ਵਿੱਚ ਚੰਡੀਗੜ੍ਹ ਨੇ ਸਫ਼ਾਈ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਦੂਜਾ ਸਥਾਨ ਹਾਸਲ ਕਰਕੇ ਆਪਣੀ ਪਛਾਣ ਬਣਾਈ ਹੈ। 3 ਲੱਖ ਤੋਂ 10 ਲੱਖ ਤੱਕ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਮੱਧ ਪ੍ਰਦੇਸ਼ ਦਾ ਉੱਜੈਨ ਪਹਿਲੇ ਸਥਾਨ ’ਤੇ ਰਿਹਾ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਅਤੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੂੰ ਇਸ ਪ੍ਰਾਪਤੀ ਲਈ ਸਨਮਾਨਿਤ ਕੀਤਾ। ਪਿਛਲੇ ਸਰਵੇਖਣ 2024-25 ਵਿੱਚ ਵੀ ਇਸੇ ਆਬਾਦੀ ਸ਼੍ਰੇਣੀ ਦੀ ਸੁਪਰ ਸਵੱਛ ਲੀਗ ਵਿੱਚ ਚੰਡੀਗੜ੍ਹ ਨੇ ਨੋਇਡਾ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ ਸੀ।

ਇਸ ਸਰਵੇਖਣ ਦੌਰਾਨ ਦੇਸ਼ ਦੇ ਸ਼ਹਿਰਾਂ ਦਾ ਮੁਲਾਂਕਣ 43 ਵੱਖ-ਵੱਖ ਮਾਪਦੰਡਾਂ ’ਤੇ ਕੀਤਾ ਗਿਆ। ਇਨ੍ਹਾਂ ਵਿੱਚ ਘਰਾਂ ਅਤੇ ਹੋਰ ਥਾਵਾਂ ਤੋਂ ਕੂੜਾ ਇਕੱਠਾ ਕਰਨ, ਗਿੱਲੇ ਤੇ ਸੁੱਕੇ ਕੂੜੇ ਦੀ ਵੱਖ-ਵੱਖ ਸੰਭਾਲ, ਕੂੜੇ ਦੇ ਨਿਪਟਾਰੇ, ਜਨਤਕ ਥਾਵਾਂ ਦੀ ਸਫ਼ਾਈ ਅਤੇ ਸਫ਼ਾਈ ਮੁਹਿੰਮਾਂ ਵਿੱਚ ਲੋਕਾਂ ਦੀ ਸ਼ਮੂਲੀਅਤ ਵਰਗੇ ਪਹਿਲੂ ਸ਼ਾਮਲ ਸਨ।

ਇਸ ਤੋਂ ਇਲਾਵਾ ਸਵੱਛ ਹਵਾ ਸਰਵੇਖਣ-2026 ਵਿੱਚ ਵੀ ਚੰਡੀਗੜ੍ਹ ਨੇ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਦਿਆਂ ਦੇਸ਼ ਵਿੱਚ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ। ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੇ ਮਾਮਲੇ ਵਿੱਚ ਵੀ ਸ਼ਹਿਰ ਦੀ ਕਾਰਗੁਜ਼ਾਰੀ 93 ਫ਼ੀਸਦੀ ਤੋਂ ਵੱਧ ਦਰਜ ਕੀਤੀ ਗਈ ਹੈ।