Punjab Breaking: ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਲਾਸ਼ ਖੇਤਾਂ ‘ਚ ਸੁੱਟੀ

Top Trending News ਪੰਜਾਬ

 

Punjab Breaking: ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਲਾਸ਼ ਖੇਤਾਂ ‘ਚ ਸੁੱਟੀ

ਜਗਰਾਓਂ, 30 ਜੂਨ 2026

ਜਗਰਾਓਂ ਦੇ ਨਜ਼ਦੀਕੀ ਪਿੰਡ ਕੁਲਾਰ ਵਿੱਚ ਇੱਕ ਬੇਹੱਦ ਸਨਸਨੀਖੇਜ਼ ਅਤੇ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਮੂਲੀ ਸਾਈਕਲ ਵੇਚਣ ਦੇ ਵਿਵਾਦ ਅਤੇ ਉਲਾਂਭਾ ਦੇਣ ਤੋਂ ਨਾਰਾਜ਼ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਹੀ ਸਾਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਲੁਕਾਉਣ ਲਈ ਮੁਲਜ਼ਮ ਨੇ ਲਾਸ਼ ਨੂੰ ਇੱਕ ਪੱਲੀ ਵਿੱਚ ਲਪੇਟ ਕੇ ਖੇਤਾਂ ਵਿੱਚ ਸੁੱਟ ਦਿੱਤਾ। ਹਾਲਾਂਕਿ, ਭੱਜਣ ਦੀ ਫਿਰਾਕ ਵਿੱਚ ਫਿਰ ਰਹੇ ਕਾਤਲ ਨੂੰ ਖੇਤ ਮਾਲਕ ਅਤੇ ਮਜ਼ਦੂਰਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ, 50 ਸਾਲਾ ਮ੍ਰਿਤਕ ਵੈਜਨਾਥ, ਜੋ ਕਿ ਪਿੰਡ ਲੱਛਮੀਪੁਰ ਬਿਲਾਹੀ (ਬਿਹਾਰ) ਦਾ ਰਹਿਣ ਵਾਲਾ ਸੀ, ਪਿਛਲੇ 22 ਸਾਲਾਂ ਤੋਂ ਪਿੰਡ ਕੁਲਾਰ ਦੇ ਕਿਸਾਨ ਪ੍ਰਦੀਪ ਸਿੰਘ ਦੀ ਮੋਟਰ ’ਤੇ ਬਤੌਰ ਮਜ਼ਦੂਰ ਕੰਮ ਕਰਦਾ ਸੀ। ਉੱਥੇ ਹੀ ਉਸ ਦੀ ਦੋਸਤੀ ਇੱਕ ਹੋਰ ਪ੍ਰਵਾਸੀ ਮਜ਼ਦੂਰ ਚਕਲੇਸ਼ ਯਾਦਵ ਨਾਲ ਹੋ ਗਈ ਅਤੇ ਦੋਵੇਂ ਅਕਸਰ ਇਕੱਠੇ ਉੱਠਦੇ-ਬੈਠਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਚਕਲੇਸ਼, ਵੈਜਨਾਥ ਕੋਲੋਂ ਸਾਈਕਲ ਮੰਗ ਕੇ ਲੈ ਗਿਆ ਸੀ ਅਤੇ ਉਸ ਨੇ ਉਹ ਸਾਈਕਲ ਅੱਗੇ ਵੇਚ ਦਿੱਤਾ। ਇਸ ਗੱਲ ਤੋਂ ਵੈਜਨਾਥ ਕਾਫ਼ੀ ਨਾਰਾਜ਼ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਗੁੱਸਾ ਠੰਢਾ ਹੋਣ ‘ਤੇ ਦੋਵੇਂ ਦੁਬਾਰਾ ਮਿਲਣ ਲੱਗ ਪਏ। ਬੀਤੀ ਸ਼ਾਮ ਚਕਲੇਸ਼ ਪਿੰਡ ਕੁਲਾਰ ਦੇ ਖੇਤਾਂ ਵਿੱਚ ਵੈਜਨਾਥ ਕੋਲ ਆਇਆ, ਜਿੱਥੇ ਦੋਵਾਂ ਨੇ ਇਕੱਠਿਆਂ ਬੈਠ ਕੇ ਸ਼ਰਾਬ ਪੀਤੀ। ਸ਼ਰਾਬ ਦੇ ਨਸ਼ੇ ਵਿੱਚ ਇੱਕ ਵਾਰ ਫਿਰ ਸਾਈਕਲ ਵੇਚਣ ਦਾ ਮੁੱਦਾ ਉੱਠਿਆ ਅਤੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਇਸ ਬਹਿਸ ਤੋਂ ਭੜਕੇ ਚਕਲੇਸ਼ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵੈਜਨਾਥ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਪੱਲੀ ਵਿੱਚ ਲਪੇਟ ਕੇ ਨੇੜੇ ਹੀ ਸੁੱਟ ਦਿੱਤਾ।

ਸਵੇਰੇ ਜਦੋਂ ਖੇਤ ਮਾਲਕ ਅਮਰੀਕ ਸਿੰਘ ਆਪਣੀ ਪਤਨੀ ਨਾਲ ਮੱਝਾਂ ਦੀਆਂ ਧਾਰਾਂ ਕੱਢਣ ਲਈ ਖੇਤ ਆਇਆ, ਤਾਂ ਉਸ ਦੀ ਪਤਨੀ ਨੇ ਪੱਲੀ ਵਿੱਚ ਲਪੇਟੀ ਹੋਈ ਲਾਸ਼ ਦੇਖ ਕੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਦੇ ਭਤੀਜੇ ਲੱਲਣ ਯਾਦਵ ਅਤੇ ਖੇਤ ਮਾਲਕ ਨੇ ਤੁਰੰਤ ਚਕਲੇਸ਼ ਦੀ ਭਾਲ ਸ਼ੁਰੂ ਕੀਤੀ। ਚਕਲੇਸ਼ ਉਸ ਵੇਲੇ ਪਿੰਡ ਵਿੱਚੋਂ ਪੈਸੇ ਇਕੱਠੇ ਕਰਕੇ ਉੱਥੋਂ ਫ਼ਰਾਰ ਹੋਣ ਦੀ ਤਿਆਰੀ ਵਿੱਚ ਸੀ। ਦੋਵਾਂ ਨੇ ਬਹਾਦਰੀ ਦਿਖਾਉਂਦੇ ਹੋਏ ਉਸ ਨੂੰ ਦਬੋਚ ਲਿਆ ਅਤੇ ਚੌਂਕੀਮਾਨ ਪੁਲਿਸ ਚੌਂਕੀ ਲੈ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਂਕੀ ਇੰਚਾਰਜ ਸੁਖਮੰਦਰ ਸਿੰਘ ਪੁਲਿਸ ਫੋਰਸ ਸਮੇਤ ਪਿੰਡ ਕੁਲਾਰ ਵਿਖੇ ਵਾਰਦਾਤ ਵਾਲੀ ਥਾਂ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਮੁਲਜ਼ਮ ਚਕਲੇਸ਼ ਯਾਦਵ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।