ਵੱਡੀ ਖ਼ਬਰ: ਸਕੂਲ ਬੱਸ ਨੇ ਮੋਟਰਸਾਈਕਲ ਸਵਾਰ ਦੋ ਵਿਦਿਆਰਥੀਆਂ ਨੂੰ ਕੁਚਲਿਆ, ਮੌਕੇ ‘ਤੇ ਮੌਤ; ਗੁੱਸੇ ‘ਚ ਲੋਕਾਂ ਨੇ ਲਾਇਆ ਜਾਮ

Top Trending News ਪੰਜਾਬ

 

ਸਕੂਲ ਬੱਸ ਨੇ ਮੋਟਰਸਾਈਕਲ ਸਵਾਰ ਦੋ ਵਿਦਿਆਰਥੀਆਂ ਨੂੰ ਕੁਚਲਿਆ, ਮੌਕੇ ‘ਤੇ ਮੌਤ; ਗੁੱਸੇ ‘ਚ ਲੋਕਾਂ ਨੇ ਲਾਇਆ ਜਾਮ

ਪਾਤੜਾਂ, 30 ਜੁਲਾਈ 2026- ਪਾਤੜਾਂ-ਜਾਖਲ ਰੋਡ ‘ਤੇ ਪਿੰਡ ਖਾਨੇਵਾਲ ਨੇੜੇ ਵੀਰਵਾਰ ਸਵੇਰੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਮੋਟਰਸਾਈਕਲ ‘ਤੇ ਸਕੂਲ ਜਾ ਰਹੇ 12ਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਦੌੜ ਗਈ। ਨਾਰਾਜ਼ ਲੋਕਾਂ ਨੇ ਪਾਤੜਾਂ-ਜਾਖਲ ਰੋਡ ‘ਤੇ ਧਰਨਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਮ੍ਰਿਤਕਾਂ ਦੀ ਪਛਾਣ ਪਿੰਡ ਹਰਿਆਊ ਕਲਾਂ ਦੇ ਰਹਿਣ ਵਾਲੇ ਮੋਹਿਤ ਕੁਮਾਰ ਅਤੇ ਪ੍ਰਿੰਸ ਕੁਮਾਰ ਵਜੋਂ ਹੋਈ ਹੈ। ਦੋਵੇਂ ਵਿਦਿਆਰਥੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੰਗਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਸਨ। ਜਾਣਕਾਰੀ ਅਨੁਸਾਰ, ਮੋਹਿਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਪ੍ਰਤੱਖਦਰਸ਼ੀਆਂ ਮੁਤਾਬਕ, ਹਾਦਸਾ ਇੰਨਾ ਭਿਆਨਕ ਸੀ ਕਿ ਸਕੂਲ ਬੱਸ ਦੋਵੇਂ ਵਿਦਿਆਰਥੀਆਂ ਨੂੰ ਮੋਟਰਸਾਈਕਲ ਸਮੇਤ ਕਰੀਬ 50 ਫੁੱਟ ਤੱਕ ਘਸੀਟਦੀ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਮੂਨਕ ਨੇੜਲੇ ਪਿੰਡ ਹਮੀਰਗੜ੍ਹ ਦੇ ਬਚਪਨ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਪਾਤੜਾਂ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ 25 ਸੀਟਾਂ ਵਾਲੀ ਬੱਸ ਵਿੱਚ ਕਰੀਬ 45 ਵਿਦਿਆਰਥੀਆਂ ਨੂੰ ਬਿਠਾ ਕੇ ਲਿਜਾਇਆ ਜਾ ਰਿਹਾ ਸੀ, ਜੋ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮੌਕੇ ‘ਤੇ ਪਹੁੰਚੇ ਸਕੂਲ ਪ੍ਰਿੰਸੀਪਲ ਨੇ ਲੋਕਾਂ ਨਾਲ ਢੰਗ ਨਾਲ ਗੱਲ ਨਹੀਂ ਕੀਤੀ, ਜਿਸ ਕਾਰਨ ਰੋਸ ਹੋਰ ਵਧ ਗਿਆ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸ਼ਾਂਤ ਕਰਵਾ ਕੇ ਆਵਾਜਾਈ ਬਹਾਲ ਕਰਨ ਦੇ ਯਤਨ ਜਾਰੀ ਹਨ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।