BREAKING- ਦਿੱਲੀ ਹਵਾਈ ਅੱਡੇ ‘ਤੇ ਵੱਡੀ ਕਾਰਵਾਈ: ਬੈਂਕਾਕ ਤੋਂ ਆਏ ਯਾਤਰੀ ਕੋਲੋਂ 5 ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ
ਨਵੀਂ ਦਿੱਲੀ, 3 ਅਗਸਤ 2026- ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਬੈਂਕਾਕ ਤੋਂ ਆਏ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਯਾਤਰੀ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ ਪੰਜ ਕਿਲੋਗ੍ਰਾਮ ਤੋਂ ਵੱਧ ਸ਼ੱਕੀ ਹਾਈਡ੍ਰੋਪੋਨਿਕ ਵੀਡ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸੰਬੰਧਿਤ ਯਾਤਰੀ 2 ਅਗਸਤ ਨੂੰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਉਡਾਣ ਰਾਹੀਂ ਦਿੱਲੀ ਪਹੁੰਚਿਆ ਸੀ। ਕਸਟਮ ਅਧਿਕਾਰੀਆਂ ਨੂੰ ਉਸ ਦੀਆਂ ਗਤੀਵਿਧੀਆਂ ਸ਼ੱਕੀ ਲੱਗਣ ‘ਤੇ ਉਸ ਦੇ ਬੈਗਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਮਾਨ ਵਿੱਚ ਲੁਕਾ ਕੇ ਰੱਖਿਆ ਗਿਆ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਮੁੱਢਲੀ ਜਾਂਚ ਵਿੱਚ ਇਸ ਪਦਾਰਥ ਨੂੰ ਹਾਈਡ੍ਰੋਪੋਨਿਕ ਵੀਡ ਮੰਨਿਆ ਜਾ ਰਿਹਾ ਹੈ, ਜਿਸ ਦੇ ਨਮੂਨੇ ਲੈਬ ਟੈਸਟ ਲਈ ਭੇਜੇ ਗਏ ਹਨ ਤਾਂ ਜੋ ਇਸ ਦੀ ਪੁਸ਼ਟੀ ਕੀਤੀ ਜਾ ਸਕੇ। ਕਸਟਮ ਵਿਭਾਗ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਇਹ ਖੇਪ ਕਿਸ ਲਈ ਲਿਆਂਦੀ ਜਾ ਰਹੀ ਸੀ ਅਤੇ ਇਸ ਦੇ ਪਿੱਛੇ ਕੋਈ ਅੰਤਰਰਾਸ਼ਟਰੀ ਤਸਕਰੀ ਗਿਰੋਹ ਤਾਂ ਸਰਗਰਮ ਨਹੀਂ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਨਿਗਰਾਨੀ ਹੋਰ ਸਖ਼ਤ ਕੀਤੀ ਗਈ ਹੈ ਅਤੇ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ।



