- ਏਅਰ ਇੰਡੀਆ ਦਾ ਪਾਇਲਟ ਅਲਕੋਹਲ ਟੈਸਟ ’ਚ ਫੇਲ੍ਹ ਹੋਣ ‘ਤੇ ਸਸਪੈਂਡ
- ਟੇਕਆਫ ਤੋਂ ਪਹਿਲਾਂ ਜ਼ਿਊਰਿਖ-ਦਿੱਲੀ ਫਲਾਈਟ ਤੋਂ ਉਤਾਰਿਆ, ਯਾਤਰੀ ਵਜੋਂ ਭੇਜਿਆ ਭਾਰਤ
ਨਵੀਂ ਦਿੱਲੀ, 25 ਸਤੰਬਰ (ਦੇਸ਼ ਕਲਿੱਕ ਬਿਊਰੋ: ਏਅਰ ਇੰਡੀਆ ਦੇ ਇੱਕ ਪਾਇਲਟ ਨੂੰ 6 ਸਤੰਬਰ ਦੀ ਜ਼ਿਊਰਿਖ-ਦਿੱਲੀ ਫਲਾਈਟ ਤੋਂ ਪਹਿਲਾਂ ਅਲਕੋਹਲ ਟੈਸਟ ’ਚ ਫੇਲ੍ਹ ਹੋਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ। ਟੇਕਆਫ ਤੋਂ ਕੁਝ ਸਮਾਂ ਪਹਿਲਾਂ ਉਸ ਨੂੰ ਜ਼ਿਊਰਿਖ ਏਅਰਪੋਰਟ ’ਤੇ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਯਾਤਰੀ ਵਜੋਂ ਭਾਰਤ ਭੇਜਿਆ ਗਿਆ। ਏਅਰਲਾਈਨ ਮੁਤਾਬਕ ਅੰਤਿਮ ਮੈਡੀਕਲ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੱਕ ਪਾਇਲਟ ਦਾ ਨਿਲੰਬਨ ਜਾਰੀ ਰਹੇਗਾ। ਏਅਰ ਇੰਡੀਆ ਨੇ ਕਿਹਾ ਕਿ ਸੁਰੱਖਿਆ, ਨਿਯਮਾਂ ਅਤੇ ਪ੍ਰੋਟੋਕੋਲ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਂਦੀ ਅਤੇ ਮਾਮਲਾ ਸਾਬਤ ਹੋਣ ’ਤੇ ਕੰਪਨੀ ਦੀ ਨੀਤੀ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਫੁਕੇਤ-ਦਿੱਲੀ ਫਲਾਈਟ ਦੇ ਪਾਇਲਟ ਦਾ ਡਰੱਗ ਟੈਸਟ ਵੀ ਆਇਆ ਸੀ ਪਾਜ਼ੀਟਿਵ
ਇਹ ਮਾਮਲਾ ਏਅਰ ਇੰਡੀਆ ਦੇ ਇੱਕ ਹੋਰ ਪਾਇਲਟ ਦੇ ਮਾਰਿਜੁਆਨਾ ਟੈਸਟ ਪਾਜ਼ੀਟਿਵ ਆਉਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ। 4 ਅਗਸਤ ਨੂੰ ਫੁਕੇਤ-ਦਿੱਲੀ ਫਲਾਈਟ ਦੇ ਕਮਾਂਡਰ ਦਾ ਡਰੱਗ ਟੈਸਟ ਦੋ ਵਾਰ ਪਾਜ਼ੀਟਿਵ ਆਇਆ ਸੀ। ਰਿਪੋਰਟ ਮੁਤਾਬਕ ਉਡਾਣ ਦੌਰਾਨ ਜਹਾਜ਼ ਲਗਭਗ 300 ਫੁੱਟ ਹੇਠਾਂ ਆ ਗਿਆ ਸੀ ਅਤੇ 145 ਲੋਕਾਂ ਵਿੱਚੋਂ ਕਈ ਯਾਤਰੀ ਤੇ ਕਰੂ ਮੈਂਬਰ ਜ਼ਖਮੀ ਹੋਏ ਸਨ। ਏਅਰ ਇੰਡੀਆ ਹੁਣ ਪਾਇਲਟਾਂ ਦੀ ਪਾਬੰਦੀਸ਼ੁਦਾ ਪਦਾਰਥਾਂ ਅਤੇ ਦਵਾਈਆਂ ਸਬੰਧੀ ਵਾਧੂ ਸਕ੍ਰੀਨਿੰਗ ਕਰ ਰਹੀ ਹੈ। ਏਅਰਲਾਈਨ ਐਕਸਪ੍ਰੈੱਸ ਨੇ ਵੀ ਕਰਮਚਾਰੀਆਂ ਨੂੰ ਸਾਈਕੋਐਕਟਿਵ ਪਦਾਰਥਾਂ ਦੀ ਵਰਤੋਂ ਜਾਂ ਨਿਰਭਰਤਾ ਬਾਰੇ ਸਵੈ-ਇੱਛਾ ਨਾਲ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਉਡਾਣ ਤੋਂ 12 ਘੰਟੇ ਪਹਿਲਾਂ ਅਲਕੋਹਲ ’ਤੇ ਪਾਬੰਦੀ
DGCA ਦੇ ਨਿਯਮਾਂ ਤਹਿਤ ਪਾਇਲਟਾਂ ਅਤੇ ਕਰੂ ਮੈਂਬਰਾਂ ਲਈ ਅਲਕੋਹਲ ਸਬੰਧੀ ਸਖ਼ਤ ਨਿਯਮ ਹਨ। ਨਿਯਮ 24 ਮੁਤਾਬਕ ਉਡਾਣ ਤੋਂ 12 ਘੰਟੇ ਪਹਿਲਾਂ ਤੱਕ ਅਲਕੋਹਲ ਜਾਂ ਕਿਸੇ ਵੀ ਮਾਦਕ ਪਦਾਰਥ ਦਾ ਸੇਵਨ ਮਨਾਹੀ ਹੈ। ਪਾਇਲਟਾਂ ਦੇ ਉਡਾਣ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਬਾਅਦ ਬ੍ਰੀਥ-ਐਨਾਲਾਈਜ਼ਰ ਟੈਸਟ ਵੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕਮਰਸ਼ੀਅਲ ਅਤੇ ਏਅਰਲਾਈਨ ਪਾਇਲਟਾਂ ਲਈ ਮੈਡੀਕਲ ਜਾਂਚ ਅਤੇ ਸਾਈਕੋਐਕਟਿਵ ਸਬਸਟੈਂਸ ਦੀ ਰੈਂਡਮ ਡਰੱਗ ਟੈਸਟਿੰਗ ਵੀ ਲਾਜ਼ਮੀ ਹੈ।







