ਕਾਰ ਤੇ ਟਿੱਪਰ ਦੀ ਆਹਮੋ-ਸਾਹਮਣੇ ਟੱਕਰ, ਇੱਕ ਦੀ ਮੌਤ

Top Trending News ਪੰਜਾਬ
  • ਕਾਰ ਤੇ ਟਿੱਪਰ ਦੀ ਆਹਮੋ-ਸਾਹਮਣੇ ਟੱਕਰ, ਇੱਕ ਦੀ ਮੌਤ
  • ਘਲਕਲਾਂ ਨੇੜੇ ਵਾਪਰਿਆ ਹਾਦਸਾ, ਟਿੱਪਰ ਚਾਲਕ ਮੌਕੇ ਤੋਂ ਫਰਾਰ

ਮੋਗਾ, 25 ਸਤੰਬਰ (ਦੇਸ਼ ਕਲਿੱਕ ਬਿਊਰੋ): ਮੋਗਾ-ਫਿਰੋਜ਼ਪੁਰ ਰੋਡ ’ਤੇ ਪਿੰਡ ਘਲਕਲਾਂ ਨੇੜੇ ਬੁੱਧਵਾਰ ਸਵੇਰੇ ਮਿੱਟੀ ਨਾਲ ਭਰੇ ਟਿੱਪਰ ਅਤੇ ਸਵਿਫਟ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ 35 ਸਾਲਾ ਸੰਦੀਪ ਸਿੰਘ ਵਾਸੀ ਸ਼ਿਮਲਾਪੁਰੀ, ਲੁਧਿਆਣਾ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਜਾਣਕਾਰੀ ਮੁਤਾਬਕ ਮੋਗਾ-ਫਿਰੋਜ਼ਪੁਰ ਰੋਡ ’ਤੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਨਿਰਮਾਣ ਕਾਰਨ ਸੜਕ ਦਾ ਇੱਕ ਹਿੱਸਾ ਬੰਦ ਹੋਣ ਕਰਕੇ ਆਵਾਜਾਈ ਨੂੰ ਵਨ-ਵੇ ਕੀਤਾ ਗਿਆ ਸੀ। ਇਸੇ ਦੌਰਾਨ ਸਵਿਫਟ ਕਾਰ ਅਤੇ ਮਿੱਟੀ ਨਾਲ ਭਰੇ ਟਿੱਪਰ ਦੀ ਟੱਕਰ ਹੋ ਗਈ।

ਪਰਿਵਾਰ ਮੁਤਾਬਕ ਸੰਦੀਪ ਸਿੰਘ ਦੀ ਕਰੀਬ 7 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਬੁੱਧਵਾਰ ਸਵੇਰੇ ਲੁਧਿਆਣਾ ਤੋਂ ਫਰੀਦਕੋਟ ਆਪਣੇ ਸਹੁਰੇ ਘਰ ਜਾ ਰਹੇ ਸਨ।

ਥਾਣਾ ਸਦਰ ਦੇ ਐੱਸਐੱਚਓ ਗੁਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਕਾਰ ਚਾਲਕ ਸੰਦੀਪ ਸਿੰਘ ਦੀ ਮੌਤ ਦੀ ਪੁਸ਼ਟੀ ਹੋਈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।