ਫਲਾਈਟ ਰੱਦ ਕਰਨਾ ਪਿਆ ਮਹਿੰਗਾ! ਖਪਤਕਾਰ ਕਮਿਸ਼ਨ ਨੇ IndiGo ਤੇ Turkish Airlines ਨੂੰ ਦਿੱਤਾ 1.60 ਲੱਖ ਰੁਪਏ ਤੋਂ ਵੱਧ ਅਦਾ ਕਰਨ ਦਾ ਹੁਕਮ
ਚੰਡੀਗੜ੍ਹ, 3 ਅਗਸਤ 2026- ਚੰਡੀਗੜ੍ਹ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਬਿਨਾਂ ਪਹਿਲਾਂ ਸੂਚਨਾ ਦਿੱਤੇ ਫਲਾਈਟ ਰੱਦ ਕਰਨ ਦੇ ਮਾਮਲੇ ਵਿੱਚ ਇੰਡੀਗੋ (IndiGo) ਅਤੇ ਟਰਕਿਸ਼ ਏਅਰਲਾਈਨਜ਼ (Turkish Airlines) ਨੂੰ ਇੱਕ ਸ਼ਹਿਰ ਵਾਸੀ ਦੇ ਹੱਕ ਵਿੱਚ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਕਮਿਸ਼ਨ ਨੇ ਦੋਵੇਂ ਏਅਰਲਾਈਨਜ਼ ਨੂੰ 1,10,258 ਰੁਪਏ 9 ਫੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਅਤੇ ਮਾਨਸਿਕ ਪੀੜਾ, ਪਰੇਸ਼ਾਨੀ ਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 50,000 ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।
ਸ਼ਿਕਾਇਤਕਰਤਾ ਨੇ ਨਵੀਂ ਦਿੱਲੀ ਤੋਂ ਡੇਟ੍ਰੋਇਟ ਜਾਣ ਲਈ ਟਿਕਟ ਬੁੱਕ ਕਰਵਾਈ ਸੀ। ਪਰ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਇੰਡੀਗੋ ਦੇ ਸਟਾਫ ਨੇ ਦੱਸਿਆ ਕਿ ਅੱਗੇ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਬੋਰਡਿੰਗ ਤੋਂ ਰੋਕ ਦਿੱਤਾ ਗਿਆ। ਏਅਰਲਾਈਨ ਵੱਲੋਂ ਫਲਾਈਟ ਰੱਦ ਹੋਣ ਬਾਰੇ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ।
ਪੁੱਤਰ ਦੀ ਅਮਰੀਕਾ ਵਿੱਚ ਯੂਨੀਵਰਸਿਟੀ ਦੀ ਲਾਜ਼ਮੀ ਓਰੀਐਂਟੇਸ਼ਨ 18 ਅਗਸਤ 2025 ਤੋਂ ਸ਼ੁਰੂ ਹੋਣ ਕਾਰਨ ਪਰਿਵਾਰ ਨੂੰ ਐਮਰਜੈਂਸੀ ਵਿੱਚ ਲੁਫਥਾਂਸਾ ਏਅਰਲਾਈਨਜ਼ ਤੋਂ 2,37,492 ਰੁਪਏ ਦੀ ਮਹਿੰਗੀ ਟਿਕਟ ਖਰੀਦਣੀ ਪਈ। ਇਸ ਤੋਂ ਇਲਾਵਾ ਹੋਟਲ ਬੁਕਿੰਗ ਰੱਦ ਹੋਣ ਕਾਰਨ ਵੀ ਵਿੱਤੀ ਨੁਕਸਾਨ ਝੱਲਣਾ ਪਿਆ।
ਮਾਮਲੇ ਦੀ ਸੁਣਵਾਈ ਦੌਰਾਨ ਇੰਡੀਗੋ ਨੇ ਦਲੀਲ ਦਿੱਤੀ ਕਿ ਅਸਾਧਾਰਨ ਹਾਲਾਤਾਂ ਕਾਰਨ ਸੀਟਾਂ ਦੀ ਘਾਟ ਪੈਦਾ ਹੋਈ ਸੀ ਅਤੇ ਬਦਲਵੀਂ ਫਲਾਈਟ ਦੀ ਪੇਸ਼ਕਸ਼ ਕੀਤੀ ਗਈ ਸੀ। ਉੱਧਰ, ਟਰਕਿਸ਼ ਏਅਰਲਾਈਨਜ਼ ਨੇ ਜ਼ਿੰਮੇਵਾਰੀ ਕੋਡਸ਼ੇਅਰ ਪ੍ਰਬੰਧ ਅਧੀਨ ਇੰਡੀਗੋ ‘ਤੇ ਸੁੱਟਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਟਿਕਟ ਦੀ ਰਕਮ ਰਿਫੰਡ ਕੀਤੀ ਸੀ।
ਹਾਲਾਂਕਿ, ਕਮਿਸ਼ਨ ਨੇ ਸਬੂਤਾਂ ਅਤੇ ਦਲੀਲਾਂ ਦੇ ਆਧਾਰ ‘ਤੇ ਮੰਨਿਆ ਕਿ ਫਲਾਈਟ ਅਚਾਨਕ ਰੱਦ ਹੋਣ ਕਾਰਨ ਯਾਤਰੀ ਨੂੰ ਬੇਵਜ੍ਹਾ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਝੱਲਣੀ ਪਈ। ਇਸ ਲਈ ਕਮਿਸ਼ਨ ਨੇ ਦੋਵੇਂ ਏਅਰਲਾਈਨਜ਼ ਨੂੰ ਨਿਰਧਾਰਿਤ ਰਕਮ ਵਿਆਜ ਸਮੇਤ ਅਦਾ ਕਰਨ ਅਤੇ 50,000 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ।



