ਨਵੀਂ ਦਿੱਲੀ, 31 ਮਾਰਚ, ਦੇਸ਼ ਕਲਿਕ ਬਿਊਰੋ :
I.N.D.I.A ਗਠਜੋੜ ਦੀ ਮਹਾਰੈਲੀ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੈ। ਸਵੇਰੇ 11 ਵਜੇ ਹੋਣ ਵਾਲੀ ਰੈਲੀ ਵਿੱਚ ਵਿਰੋਧੀ ਧੜੇ ਦੀਆਂ 27 ਪਾਰਟੀਆਂ ਹਿੱਸਾ ਲੈਣਗੀਆਂ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਰੈਲੀ ਨੂੰ ਸੰਬੋਧਨ ਕਰਨਗੇ। ਸੋਨੀਆ ਗਾਂਧੀ ਵੀ ਰੈਲੀ ਦਾ ਹਿੱਸਾ ਬਣ ਸਕਦੇ ਹਨ।
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਤੇ ਲੋਕ ਸਭਾ ਚੋਣਾਂ ਸਬੰਧੀ ਅੱਜ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਖੇ ਹੋਣ ਜਾ ਰਹੀ ਭਾਰਤ ਗਠਜੋੜ ਦੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਇਕ ਦਿਨ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ਨੀਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਅਤੇ ਵਿਧਾਇਕ ਦਲੀਪ ਪਾਂਡੇ ਅਤੇ ਹੋਰ ਆਗੂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ।
'ਆਪ' ਆਗੂਆਂ ਨੇ ਮੌਕੇ 'ਤੇ ਮੌਜੂਦ ਵਰਕਰਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਦੂਜੇ ਪਾਸੇ ਰੈਲੀ ਵਾਲੀ ਥਾਂ ’ਤੇ ਵੱਡੇ ਆਗੂਆਂ ਲਈ ਕਰੀਬ ਸਾਢੇ ਸੱਤ ਫੁੱਟ ਉੱਚਾ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਦੁਪਹਿਰ ਦੀ ਗਰਮੀ ਤੋਂ ਬਚਣ ਲਈ ਟੈਂਟਾਂ ਦਾ ਵੀ ਪ੍ਰਬੰਧ ਹੈ। ਇਸ ਵਿੱਚ ਕੂਲਰ ਅਤੇ ਪੱਖੇ ਲਗਾਏ ਗਏ ਹਨ। ਸਾਰਾ ਮੈਦਾਨ ਕੁਰਸੀਆਂ ਨਾਲ ਭਰਿਆ ਨਜ਼ਰ ਆਇਆ।
ਮਹਾਰੈਲੀ ਵਿੱਚ ਭਾਰਤ ਗਠਜੋੜ ਦਾ ਨਾਅਰਾ ਤਾਨਾਸ਼ਾਹੀ ਹਟਾਓ, ਲੋਕਤੰਤਰ ਬਚਾਓ। ਇਸ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਐੱਨਸੀਪੀ ਤੋਂ ਸ਼ਰਦ ਪਵਾਰ, ਸ਼ਿਵ ਸੈਨਾ ਤੋਂ ਊਧਵ ਠਾਕਰੇ, ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ, ਆਰਜੇਡੀ ਤੋਂ ਤੇਜਸਵੀ ਯਾਦਵ, ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੀਪੀਆਈ ਤੋਂ ਡੀ ਰਾਜਾ, ਟੀਐਮਸੀ ਤੋਂ ਡੇਰੇਕ ਓਬ੍ਰਾਇਨ, ਸੀਪੀਆਈ-ਐਮ ਤੋਂ ਸੀਤਾ ਰਾਮ ਯੇਚੁਰੀ ਅਤੇ ਪੀਡੀਪੀ ਤੋਂ ਮਹਿਬੂਬਾ ਮੁਫਤੀ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਲ ਹੋਣ ਦੀ ਸੰਭਾਵਨਾ ਹੈ।