"ਰਹੀਮੇ !"
ਸ਼ੇਖ਼ ਅਬਦੁਲ ਹਮੀਦ ਸਬ-ਇੰਨਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, "ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ"।
ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ ਪੇਟੀ ਲਾਹ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ।
ਮੇਜ਼ ਉੱਤੇ ਬਹੁਤ ਸਾਰਾ ਖਿੱਲਰ-ਖਲੇਰਾ ਪਿਆ ਹੋਇਆ ਸੀ। ਇਕ ਨੁੱਕਰੇ ਕੁਝ ਮੋਟੀਆਂ-ਪਤਲੀਆਂ, ਕਾਨੂੰਨੀ ਅਤੇ ਗੈਰ-ਕਾਨੂੰਨੀ, ਆਦਿ ਕਿਤਾਬਾਂ ਉਸਰੀਆਂ ਹੋਈਆਂ ਸਨ, ਦੂਜੀ ਨੁੱਕਰੇ ਚਿੱਟੇ-ਪੀਲੇ ਉੱਘੜ-ਦੁੱਘੜ ਕਾਗਜ਼ਾਂ ਨਾਲ ਤੂਸੀਆਂ ਹੋਈਆਂ ਕਈ ਫ਼ਾਈਲਾਂ। ਵਿਚਕਾਰ ਕਲਮਦਾਨ ਅਤੇ ਉਸ ਦੇ ਲਾਗੇ ਕਰ ਕੇ ਅੱਜ ਦੀ ਆਈ ਹੋਈ ਡਾਕ ਪਈ ਸੀ, ਜਿਸ ਵਿਚ ਪੰਜ-ਛੇ ਲਫ਼ਾਫ਼ੇ, ਦੋ-ਤਿੰਨ ਪੋਸਟ ਕਾਰਡ ਅਤੇ ਇਕ-ਦੋ ਅਖ਼ਬਾਰਾਂ ਵੀ ਸਨ। ਪਿੰਨ-ਕੁਸ਼ਨ, ਬਲਾਟਿੰਗ ਪੇਪਰ, ਪੇਪਰ-ਵੇਟ, ਟੈਗਾਂ ਦਾ ਇਕ ਮੁੱਠਾ ਅਤੇ ਹੋਰ ਇਹੋ ਜਿਹਾ ਬਥੇਰਾ ਨਿੱਕੜ-ਸੁੱਕੜ ਥਾਉਂ-ਥਾਈਂ ਪਿਆ ਸੀ।
ਬੈਠਦਿਆਂ ਹੀ ਸ਼ੇਖ਼ ਹੋਰਾਂ ਨੇ ਦੂਰ ਦੀ ਐਨਕ ਉਤਾਰ ਕੇ ਮੇਜ਼ ਦੀ ਸਾਹਮਣੀ ਬਾਹੀ, ਜਿਹੜੀ ਕੁਝ ਖਾਲੀ ਸੀ, ਉੱਤੇ ਟਿਕਾ ਦਿੱਤੀ ਅਤੇ ਜੇਬ ਵਿੱਚੋਂ ਨੇੜੇ ਦੀ ਐਨਕ ਲਾ ਕੇ ਡਾਕ ਵੇਖਣ ਲੱਗੇ। ਉਹਨਾਂ ਨੇ ਅਜੇ ਦੋ ਕੁ ਲਫ਼ਾਫ਼ੇ ਹੀ ਖੋਲ੍ਹੇ ਸਨ ਕਿ ਪੰਜਾਂ ਕੁ ਵਰ੍ਹਿਆਂ ਦਾ ਇਕ ਮੁੰਡਾ ਅੰਦਰ ਆਉਂਦਾ ਦਿੱਸਿਆ।