ਚੰਡੀਗੜ੍ਹ, 19 ਅਪ੍ਰੈਲ,ਦੇਸ਼ ਕਲਿਕ ਬਿਊਰੋ
ਹਰਿਆਣਾ ਦੇ ਰੋਹਤਕ ਦੀ ਪੀਜੀਆਈ ਵਿੱਚ ਮੈਡੀਕਲ ਲਈ ਲਿਜਾਣ ਦੌਰਾਨ ਕੈਦੀਆਂ ਦੀ ਵੈਨ ਵਿੱਚ ਇੱਕ ਮਹਿਲਾ ਕੈਦੀ ਨਾਲ ਦੋ ਕੈਦੀਆਂ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਬਲਾਤਕਾਰ ਦੇ ਦੋਸ਼ ਵਿੱਚ ਪੁਲੀਸ ਨੇ ਦੋ ਕੈਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਉਹ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਰੋਹਤਕ (ਪੀਜੀਆਈਐਮਐਸ) ਵਿੱਚ ਮੈਡੀਕਲ ਲਈ ਜਾ ਰਹੇ ਸਨ,ਜਿਸ ਦੌਰਾਨ ਜੇਲ੍ਹ ਕਰਮਚਾਰੀ ਉਸ ਨੂੰ ਦੋ ਕੈਦੀਆਂ ਸਮੇਤ ਉੱਥੇ ਲੈ ਕੇ ਜਾ ਰਹੇ ਸਨ।
ਮਹਿਲਾ ਕੈਦੀ ਨੇ ਕਿਹਾ ਕਿ ਪੁਲਿਸ ਮੈਡੀਕਲ ਤੋਂ ਬਾਅਦ ਦਸਤਾਵੇਜ਼ਾਂ ਵਿੱਚ ਰੁੱਝੀ ਹੋਈ ਸੀ। ਜੀਂਦ ਸਿਵਲ ਲਾਈਨ ਥਾਣੇ ਵਿੱਚ ਦਰਜ ਕਰਵਾਈ ਪੁਲਿਸ ਸ਼ਿਕਾਇਤ ਵਿੱਚ ਮਹਿਲਾ ਕੈਦੀ ਨੇ ਕਿਹਾ ਕਿ ਇਸ ਦੌਰਾਨ, ਜੀਂਦ ਜ਼ਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਦੋ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਮਨੀਸ਼ ਅਤੇ ਸਤੀਸ਼ ਵਜੋਂ ਕੀਤੀ ਗਈ, ਨੇ ਮੈਨੂੰ ਠੰਡਾ ਪੀਣ ਵਾਲਾ ਪਦਾਰਥ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਕੈਦੀਆਂ ਦੀ ਵੈਨ ਵਿੱਚ ਹੀ ਮੇਰੇ ਨਾਲ ਬਲਾਤਕਾਰ ਕੀਤਾ। ਵੈਨ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀ ਦਸਤਾਵੇਜ਼ਾਂ ਦੀ ਪ੍ਰਕਿਰਿਆ ਵਿੱਚ ਰੁੱਝੇ ਹੋਏ ਸਨ।
'ਟਾਈਮਜ਼ ਆਫ ਇੰਡੀਆ' ਦੀ ਖਬਰ ਮੁਤਾਬਕ ਸਿਵਲ ਲਾਈਨ ਸਟੇਸ਼ਨ ਦੇ ਹਾਊਸ ਅਫਸਰ ਸੁਖਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਮੁਲਜਮਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਐਫਆਈਆਰ ਰੋਹਤਕ ਪੁਲਿਸ ਨੂੰ ਭੇਜ ਦਿੱਤੀ ਗਈ ਹੈ ਕਿਉਂਕਿ ਅਪਰਾਧ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੋਇਆ ਹੈ।
ਉਨ੍ਹਾਂ ਵੱਲੋਂ ਅਗਲੇਰੀ ਜਾਂਚ ਕੀਤੀ ਜਾਵੇਗੀ।ਪੁਲਿਸ ਪੀੜਤ ਵੱਲੋਂ ਲਗਾਏ ਗਏ ਸਾਰੇ ਤੱਥਾਂ ਅਤੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।ਰੋਹਤਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲ ਗਈ ਹੈ।