ਮੋਰਿੰਡਾ 20 ਅਪ੍ਰੈਲ ( ਭਟੋਆ)
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਅੱਜ ਮੋਰਿੰਡਾ ਵਿਖੇ ਅਪਣੇ ਸਿਆਸੀ ਭਵਿੱਖ ਦੀ ਵਿਉਂਤਬੰਦੀ ਨੂੰ ਲੈ ਕੇ ਪੁਰਾਣੇ ਸਾਥੀਆਂ ਨਾਲ ਅਹਿਮ ਮੀਟਿੰਗ ਕੀਤੀ। ਸਾਬਕਾ ਨਗਰ ਕੌਂਸਲ ਮੋਰਿੰਡਾ ਪ੍ਰਧਾਨ ਹਰੀ ਪਾਲ ਅਤੇ ਸਾਬਕਾ ਸਰਪੰਚ ਸ਼ੇਰ ਸਿੰਘ ਸੰਗਤਪੁਰਾ ਦੀ ਅਗਵਾਈ ਵਿੱਚ ਸਥਾਨਕ ਸਰਹਿੰਦ ਰੋਡ ਤੇ ਕੀਤੀ ਇਸ ਅਹਿਮ ਮੀਟਿੰਗ ਵਿੱਚ ਹਾਜ਼ਰ ਪੁਰਾਣੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਮੈਨੂੰ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਲਈ ਦਬਾਅ ਪੈ ਰਿਹਾ ਹੈ। ਪਰ ਮੈਂ ਤੁਹਾਡੇ ਨਾਲ ਸਲਾਹ ਮਸ਼ਵਰਾ ਕਰਨ ਲਈ ਆਇਆ ਹਾਂ ਕਿਉਂਕਿ ਸੰਨ 1992 ਤੋਂ ਮੈਨੂੰ ਮੋਰਿੰਡਾ ਇਲਾਕੇ ਨੇ ਬਤੌਰ ਲੀਡਰ ਪੈਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਂਵੇ ਮੇਰਾ ਨਾਂਅ ਕਾਂਗਰਸ ਪਾਰਟੀ ਵੱਲੋਂ ਪੈਨਲ ਵਿੱਚ ਪਾ ਦਿੱਤਾ ਗਿਆ ਹੈ, ਪ੍ਰੰਤੂ ਮੈਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮੋਰਿੰਡਾ ਇਲਾਕੇ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕਦਮ ਪੁੱਟਦਾ ਹਾਂ। ਇਸ ਮੌਕੇ ਹਾਜ਼ਰ ਪੁਰਾਣੇ ਕਾਂਗਰਸ ਪਾਰਟੀ ਵਰਕਰਾਂ ਅਤੇ ਪਤਵੰਤਿਆਂ ਨੇ ਉਨ੍ਹਾਂ ਨੂੰ ਹੱਥ ਖੜ੍ਹੇ ਕਰ ਸਹਿਮਤੀ ਦਿੰਦਿਆਂ ਕਿਹਾ ਕਿ ਤੁਸੀਂ ਜੋ ਵੀ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹਾਂ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸ਼ਿਕਵਾ ਕਰਦਿਆਂ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਜੇਕਰ ਉਹ ਮੇਰੀ ਟਿਕਟ ਨਾ ਕਟਵਾਉਂਦੇ ਤਾਂ ਨਾ ਉਸਨੂੰ ਨੁਕਸਾਨ ਹੁੰਦਾ ਨਾ ਮੈਨੂੰ ਨੁਕਸਾਨ ਹੁੰਦਾ ਜਿਸਦਾ ਉਨ੍ਹਾਂ ਨੂੰ ਪਛਤਾਵਾ ਹੈ। ਉਨ੍ਹਾਂ ਚੰਨੀ ਨੂੰ ਛੋਟਾ ਭਰਾ ਆਖਦਿਆਂ ਕਿਹਾ ਕਿ ਜੇਕਰ ਮੈਨੂੰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਮਿਲ ਜਾਂਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਅਤੇ ਮੈਂ ਦੋਵੇਂ ਮਿਲ ਕੇ ਪਾਰਟੀ ਨੂੰ ਬਹੁਤ ਉੱਚਾ ਲੈ ਕੇ ਜਾ ਸਕਦੇ ਹਾਂ। ਇਸ ਤੋਂ ਪਹਿਲਾਂ ਵੀ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਜਗਮੋਹਨ ਸਿੰਘ ਕੰਗ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਪਹਿਲਾਂ ਦੀ ਤਰ੍ਹਾਂ ਹੀ ਖੜ੍ਹੇ ਹਨ। ਪੱਤਰਕਾਰ ਭਾਈਚਾਰੇ ਦੇ ਸਵਾਲ ਦਾ ਜਵਾਬ ਦਿੰਦਿਆਂ ਕੰਗ ਨੇ ਕਿਹਾ ਕਿ ਉਹ ਜੇਕਰ ਉਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਜਿਵੇਂ ਸੰਗਤ ਕਹੇਗੀ ਉਵੇਂ ਹੀ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਭਗਵਾਨ ਦਾਸ, ਸਾਬਕਾ ਸਰਪੰਚ ਬਲਬੀਰ ਸਿੰਘ ਮਾਨ ਖੇੜੀ, ਸਾਬਕਾ ਕੌਂਸਲਰ ਜਰਨੈਲ ਸਿੰਘ ਮੰਡੇਰ, ਗੋਲਡੀ ਮੰਡੇਰ, ਸਾਬਕਾ ਕੌਂਸਲਰ ਹਰਦੇਵ ਸਿੰਘ, ਜੀਰਾ ਰਾਮ ਕਲਹੇੜੀ, ਸੀਤਾ ਰਾਮ ਰਾਣਾ, ਨੰਬਰਦਾਰ ਰੁਪਿੰਦਰ ਸਿੰਘ ਭਿਚਰਾ, ਕੌਂਸਲਰ ਰਿੰਪੀ ਕੁਮਾਰ, ਅਮਰਜੀਤ ਸਿੰਘ ਕੰਗ, ਰਾਮ ਪਾਲ ਥੰਮ੍ਹਣ, ਰਿਟਾ. ਇੰਸਪੈਕਟਰ ਰੇਸ਼ਮ ਸਿੰਘ, ਰਿਟਾ. ਏ ਐਸ ਆਈ ਬਲਿਹਾਰ ਸਿੰਘ, ਖਰੈਤੀ ਰਾਮ ਸਾਬਕਾ ਸਰਪੰਚ, ਛਿੰਦਰਪਾਲ ਸਿੰਘ ਬਲਦੇਵ ਨਗਰ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।