ਢਾਕਾ, 1 ਮਾਰਚ, ਦੇਸ਼ ਕਲਿਕ ਬਿਊਰੋ :
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀਰਵਾਰ 29 ਫਰਵਰੀ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਬੇਲੀ ਰੋਡ 'ਤੇ ਸੱਤ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 44 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 22 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਅੱਗ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਨੂੰ ਕਰੀਬ ਢਾਈ ਘੰਟੇ ਦਾ ਸਮਾਂ ਲੱਗਾ। ਗ੍ਰੀਨ ਕੋਜ਼ੀ ਕਾਟੇਜ ਨਾਂ ਦੀ ਇਮਾਰਤ ਤੋਂ 75 ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ਵਿੱਚੋਂ 42 ਬੇਹੋਸ਼ ਸਨ।
ਸਾਰਿਆਂ ਨੂੰ ਢਾਕਾ ਮੈਡੀਕਲ ਕਾਲਜ ਅਤੇ ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ 44 ਲੋਕਾਂ ਦੀ ਮੌਤ ਹੋ ਗਈ। ਬੰਗਲਾਦੇਸ਼ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 9:50 ਵਜੇ ਅੱਗ ਪਹਿਲੀ ਮੰਜ਼ਿਲ 'ਤੇ ਸਥਿਤ ਰੈਸਟੋਰੈਂਟ 'ਚ ਲੱਗੀ ਅਤੇ ਤੇਜ਼ੀ ਨਾਲ ਉੱਪਰਲੀਆਂ ਮੰਜ਼ਿਲਾਂ 'ਤੇ ਫੈਲ ਗਈ। ਜਿੱਥੇ ਕਈ ਹੋਰ ਰੈਸਟੋਰੈਂਟਾਂ ਦੇ ਨਾਲ-ਨਾਲ ਕੱਪੜਿਆਂ ਦੀਆਂ ਦੁਕਾਨ ਵੀ ਸਨ। ਜਾਣਕਾਰੀ ਮੁਤਾਬਕ ਅੱਗ 'ਤੇ 12.30 ਵਜੇ ਕਾਬੂ ਪਾਇਆ ਗਿਆ।