ਸਕੂਲੋਂ ਵਾਪਸ ਆਇਆ ਪਿੰਕੂ ਕੁਝ ਉੱਖੜਿਆ, ਉੱਖੜਿਆ ਵਿਖਾਈ ਦੇ ਰਿਹਾ ਸੀ । ਆਮ ਵਾਂਗ ਉਸ ਦਾ ਹਸੂੰ, ਹਸੂੰ ਕਰਦਾ ਚਿਹਰਾ ਉੱਤਰਿਆ ਹੋਇਆ ਸੀ । ਅੱਜ ਉਹ ਸਹਿਜ ਨਹੀਂ ਸੀ ਦਿਸ ਰਿਹਾ ।
'ਸਕੂਲ ਵਿਚ ਜਰੂਰ ਕੁਝ ਅਣਕਿਆਸਿਆ ਵਾਪਰਿਆ ਹੋਏਗਾ'... ਮਨ ਹੀ ਮਨ ਮਹਿਸੂਸ ਕਰਦਿਆਂ ਅੰਮੀ ਨੇ ਪੁੱਛਿਆ, 'ਪਿੰਕੂ ਬੇਟੇ ! ਅੱਜ ਕਿਸੇ ਗੱਲੋਂ ਸਕੂਲੋਂ ਝਿੜਕਾਂ ਤਾਂ ਨਹੀਂ ਪਈਆਂ ' ?
'ਨਹੀਂ ਅੰਮੀ, ਨਹੀਂ ! ਮੇਰੀ ਕਾਪੀ ਵੇਖ ਲਵੋ ... ਅੱਜ ਤਾਂ ਮੈਂ ਆਪਣੇ ਹੋਮ ਵਰਕ ਲਈ 'ਵੈਰੀ ਗੁੱਡ' ਵੀ ਲੈ ਕੇ ਆਇਆ ਹਾਂ'...
ਪਿੰਕੂ ਦੇ ਜੁਆਬ ਨਾਲ ਅੰਮੀ ਦੀ ਤਸੱਲੀ ਨਹੀਂ ਸੀ ਹੋਈ । ਰਸੋਈ ਵਿਚ ਖਾਣਾ ਬਣਾਉਂਦੀ ਵੀ ਉਹ ਪਿੰਕੂ ਦੇ ਵਰਤੋਂ, ਵਿਹਾਰ ਬਾਰੇ ਸੋਚਾਂ ਸੋਚਦੀ ਰਹੀ । ਦੁਪਹਿਰ ਦਾ ਖਾਣਾ ਪਰੋਸ ਉਸਨੇ ਪਿੰਕੂ ਤੇ ਦਫਤਰੋਂ ਆਏ ਉਸਦੇ ਪਾਪਾ ਨੂੰ ਡਾਈਨਿੰਗ ਟੇਬਲ 'ਤੇ ਆਉਣ ਦਾ ਸੱਦਾ ਦੇ ਦਿੱਤਾ । ਪਾਪਾ ਤੇ ਅੰਮੀ ਨਾਲ ਬੈਠ ਪਿੰਕੂ ਨੇ ਅੱਧ,ਪਚੱਦਾ ਖਾਣਾ ਖਾਧਾ ਤੇ ਸਭ ਤੋਂ ਪਹਿਲੇ ਉੱਠ ਆਪਣੇ ਸੌਂਣ ਵਾਲੇ ਕਮਰੇ 'ਚ ਚਲਾ ਗਿਆ। ਪਿੰਕੂ ਦੇ ਪਿਤਾ ਵੀ ਦੀਵਾਰ ਘੜੀ ਵੇਖਦੇ ਦਫਤਰ ਚਲੇ ਗਏ ।