ਲੁਧਿਆਣਾ, 16 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੁਧਿਆਣਾ 'ਚ ਰਾਤ 10.30 ਵਜੇ ਤੇਜ਼ ਰਫਤਾਰ ਟੈਂਪੂ ਟਰੈਵਲਰ ਅਤੇ ਟਰੈਕਟਰ-ਟਰਾਲੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਜਲੰਧਰ ਬਾਈਪਾਸ ਨੇੜੇ ਮੈਟਰੋ ਪੁਲ 'ਤੇ ਵਾਪਰਿਆ। ਇਸ ਹਾਦਸੇ 'ਚ ਕੁੱਲ 12 ਲੋਕ ਜ਼ਖਮੀ ਹੋਏ ਹਨ। ਟੈਂਪੂ ਟਰੈਵਲ ਚਾਲਕ ਅਸਥੀਆਂ ਜਲ ਪ੍ਰਵਾਹ ਕਰਵਾ ਕੇ ਸਵਾਰੀਆਂ ਸਮੇਤ ਹਰਿਦੁਆਰ ਤੋਂ ਹੁਸ਼ਿਆਰਪੁਰ ਆ ਰਿਹਾ ਸੀ। ਉਹ ਰਸਤੇ ਵਿੱਚ ਉਸ ਨੂੰ ਨੀਂਦ ਆ ਗਈ ਜਿਸ ਕਾਰਨ ਉਸਨੇ ਪਿੱਛੇ ਤੋਂ ਟਰਾਲੀ ਨੂੰ ਟੱਕਰ ਮਾਰ ਦਿੱਤੀ।
ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਡਿਵਾਈਡਰ ਦੇ ਖੰਭੇ ਨਾਲ ਜਾ ਟਕਰਾਇਆ ਅਤੇ ਟਰਾਲੀ ਸੜਕ ਦੇ ਦੂਜੇ ਪਾਸੇ ਪਲਟ ਗਈ। ਬਿਜਲੀ ਦਾ ਖੰਭਾ ਵੀ ਟੇਢਾ ਹੋ ਗਿਆ। ਟੈਂਪੂ ਟਰੈਵਲਰ ਵਿਚੋਂ ਚੀਕਾਂ ਸੁਣ ਕੇ ਕਈ ਵਾਹਨ ਹਾਈਵੇਅ ’ਤੇ ਹੀ ਰੁਕ ਗਏ। ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਲੋਕਾਂ ਨੇ ਮੁੱਢਲੀ ਸਹਾਇਤਾ ਦਿੱਤੀ, ਐਂਬੂਲੈਂਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।