Hindi English Thursday, 02 May 2024 🕑
BREAKING
ਪੰਜਾਬ ਪੁਲਿਸ ਵੱਲੋਂ ਜਥੇਬੰਦੀ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਨਿਖੇਧੀ ਪੁਲਿਸ ਨੇ ਨੇਹਾ ਤੇ ਮਨਦੀਪ ਕੌਰ ਕਤਲ ਕੇਸ ਸੁਲਝਾਇਆ, ਤਿੰਨ ਲੜਕੀਆਂ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ ਅਕਾਲੀ ਦਲ ਨੂੰ ਝਟਕਾ : ਕੌਮੀ ਮੀਤ ਪ੍ਰਧਾਨ ਅਬਲੋਵਾਲ ਤੇ ਕਲਿਆਣ ਸਮੇਤ ਦੋ ਸਾਬਕਾ ਕੌਂਸਲਰ ‘ਆਪ’ ’ਚ ਸ਼ਾਮਲ ਹੈਰਾਨੀਜਨਕ : ਦਸੰਬਰ ‘ਚ ਮਰ ਚੁੱਕੇ ਪੰਜਾਬੀ ਨੇ ਹਾਈਕੋਰਟ ਤੋਂ ਮੰਗੀ ਜ਼ਮਾਨਤ ਫੇਫੜੇ ਦਾ ਕੈਂਸਰ ਇੱਕ ਭਿਆਨਕ ਬਿਮਾਰੀ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀ ਬਰਖਾਸਤ ਲੁਧਿਆਣਾ : ਰਬੜ ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਇੱਕ ਮਜ਼ਦੂਰ ਦੀ ਮੌਤ ਦੂਜੇ ਦੀ ਹਾਲਤ ਗੰਭੀਰ ਪੰਜਾਬ ਰੋਡਵੇਜ ਬੱਸ ਦੀ ਟਰਾਲੇ ਨਾਲ ਟੱਕਰ, ਡਰਾਈਵਰ ਦੀਆਂ ਲੱਤਾਂ ਟੁੱਟੀਆਂ ਕਈ ਜ਼ਖਮੀ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ CM ਭਗਵੰਤ ਮਾਨ ਅੱਜ ਦੋ ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ

ਲੇਖ

More News

ਇਤਿਹਾਸਕ ਸ਼੍ਰੋਮਣੀ ਅਕਾਲੀ ਦਲ ਤੋਂ ਮੌਜੂਦਾ ਅਕਾਲੀ ਦਲ ਤੱਕ...

Updated on Thursday, March 17, 2022 09:06 AM IST

ਚੰਦਰਪਾਲ ਅੱਤਰੀ, ਲਾਲੜੂ

16ਵੀਂ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਆ ਚੁੱਕੇ ਹਨ।ਇਸ ਵਾਰ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ)ਨੇ 92 ਸੀਟਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ, ਜਦਕਿ ਦਲਿਤ ਭਾਈਚਾਰੇ ਉਤੇ ਟੇਕ ਰੱਖ ਕੇ ਪੰਜਾਬ ਫਤਹਿ ਕਰਨ ਦੀ ਉਮੀਦ ਲਾਈਂ ਬੈਠੀ ਕਾਂਗਰਸ ਸਿਰਫ ਅਠਾਰਾਂ ਸੀਟਾਂ ਹੀ ਹਾਸਲ ਕਰ ਸਕੀ ਹੈ। ਸਭ ਤੋਂ ਮਾੜੀ ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ ਜੋ ਕਿ ਕਾਂਗਰਸ ਉਪਰੰਤ ਦੇਸ਼ ਦੀ ਸਭ ਤੋਂ ਪੁਰਾਣੀ ਤੇ ਪੰਜਾਬ ਦੀ ਮੁੱਖ ਖੇਤਰੀ ਪਾਰਟੀ ਹੋਣ ਦੇ ਬਾਵਜੂਦ ਸਿਰਫ ਤਿੰਨ ਸੀਟਾਂ ਤੱਕ ਹੀ ਸੀਮਤ ਰਹਿ ਗਈ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੱਡੇ ਉਲਟਫੇਰ ਦੇ ਦਾਅਵੇ ਕਰਨ ਵਾਲੀ ਭਾਜਪਾ ਸਿਰਫ ਦੋ ਸੀਟਾਂ, ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ ਇੱਕ ਤੇ ਇੱਕ ਆਜ਼ਾਦ ਉਮੀਦਵਾਰ ਨੇ ਸੀਟ ਜਿੱਤੀ ਹੈ। ਭਾਜਪਾ ਦੇ ਨਵੇਂ ਭਾਈਵਾਲ ਇਨ੍ਹਾਂ ਚੋਣਾਂ ਵਿੱਚ ਸੀਟਾਂ ਪੱਖੋਂ ਖਾਲੀ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ ਦੁਰਗਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ, ਜਿਸ ਦੇ ਪ੍ਰਧਾਨ, ਸਰਪ੍ਰਸਤ ਤੇ ਸਾਰੇ ਰਿਸ਼ਤੇਦਾਰ ਤੱਕ ਪੰਜਾਬੀਆਂ ਨੇ ਘਰ ਬਿਠਾ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੋਂ ਲੈ ਕੇ ਹੁਣ ਤੱਕ ਇਸ ਦੀ ਪਤਲੀ ਹੋਈ ਸਿਆਸੀ ਹਾਲਤ ਦਾ ਆਪਣਾ ਇਤਿਹਾਸ ਹੈ।

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪ੍ਰਮੁੱਖ ਖੇਤਰੀ ਸਿਆਸੀ ਪਾਰਟੀ ਹੈ, ਜਿਸ ਦਾ ਕਿਸੇ ਸਮੇਂ ਆਜ਼ਾਦੀ ਦੇ ਸੰਗਰਾਮ ਵਿੱਚ ਵੱਡਾ ਯੋਗਦਾਨ ਹੋਣ ਦੇ ਨਾਲ-ਨਾਲ ਸ਼ਾਨਾਮੱਤੀ ਇਤਿਹਾਸ ਰਿਹਾ ਹੈ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੇਧ ਦੇਣ ਵਾਲੀ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 16 ਨਵੰਬਰ 1920 ਨੂੰ ਹੋਂਦ ਵਿੱਚ ਆਈ ਸੀ,ਜਦਕਿ 14 ਦਸੰਬਰ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਬਣ ਕੇ ਸਿੱਖਾਂ ਤੇ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਲੱਗਾ ਸੀ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਕੰਟਰੋਲ ਕਰਨ ਲਈ ਗੁਰਦੁਆਰਾ ਐਕਟ 1925 ਵਿੱਚ ਹੋਂਦ ਵਿੱਚ ਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਿਆਸਤ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਡੇ ਵੱਲੋਂ ਸਾਕਾ ਨਨਕਾਣਾ ਸਾਹਿਬ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ, ਕਿਉਂਕਿ ਇਸ ਸਾਕੇ ਦੀ ਜਾਣਕਾਰੀ ਹੀ ਸਾਨੂੰ ਮੌਜੂਦਾ ਸਿੱਖ ਆਗੂਆਂ ਤੇ ਟਕਸਾਲੀ ਸਿੱਖ ਆਗੂਆਂ ਦੇ ਕਿਰਦਾਰ ਵਿੱਚ ਆਈ ਤਬਦੀਲੀ ਬਾਰੇ ਸਪੱਸ਼ਟ ਕਰੇਗੀ। ਇੱਥੇ ਅਸੀਂ ਇਹ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਹਾਂ ਕਿ ਇਸ ਲੇਖ ਦਾ ਮੰਤਵ ਸਿਰਫ ਧਾਰਮਿਕ ਸਰਵਉੱਚਤਾ ਦਾ ਜ਼ਿਕਰ ਕਰਨਾ ਨਹੀਂ,ਸਗੋਂ ਇਸ ਲਿਖਤ ਦਾ ਅਸਲ ਉਦੇਸ਼ ਪੰਜਾਬ ਦੀ ਹਰ ਲੋੜਵੰਦ ਧਿਰ ਪ੍ਰਤੀ ਪੁਰਾਣੇ ਸਿਆਸੀ ਆਗੂਆਂ ਤੇ ਨਵੇਂ ਸਿਆਸੀ ਆਗੂਆਂ ਦੀ ਸੋਚ ਵਿੱਚ ਆਏ ਬਦਲਾਅ ਨੂੰ ਦਰਸਾਉਣਾ ਵੀ ਹੈ। (MOREPIC1)

ਅਸਲ ਵਿੱਚ 1920 ਵਿੱਚ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸਮੇਂ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਦੇ ਤਤਕਾਲੀਨ ਮਹੰਤ ਨਾ ਸਿਰਫ ਗੁਰਦੁਆਰਿਆਂ ਦੀ ਗੋਲਕ ਨੂੰ ਲੁੱਟ ਰਹੇ ਸਨ, ਸਗੋਂ ਉਥੇ ਗੁਰੂ ਦੇ ਘਰ ਵਿੱਚ ਅਨੈਤਿਕ ਕਾਰਵਾਈਆਂ ਨੂੰ ਅੰਜਾਮ ਵੀ ਦਿੱਤਾ ਜਾ ਰਿਹਾ ਸੀ। ਇਸ ਨੂੰ ਵੇਖਦਿਆਂ ਤਤਕਾਲੀਨ ਸਿੱਖ ਆਗੂਆਂ ਨੇ ਗੁਰਦੁਆਰਿਆਂ ਦੇ ਮਹੰਤਾਂ ਨਾਲ 3 ਮਾਰਚ 1921 ਨੂੰ ਗੱਲਬਾਤ ਕਰਨ ਦਾ ਫੈਸਲਾ ਲਿਆ, ਪਰ ਇਸੇ ਦੌਰਾਨ ਮਹੰਤ ਦੇ ਚੇਲਿਆਂ ਨੇ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਸਾਜਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮਹੰਤ ਦੀ ਇਸ ਸਾਜਿਸ਼ ਦਾ ਉਸ ਸਮੇਂ ਦੇ ਜੂਝਾਰੂ ਸਿੱਖ ਆਗੂ ਲਛਮਣ ਸਿੰਘ ਧਾਰੋਵਾਲੀ ਤੇ ਕਰਤਾਰ ਸਿੰਘ ਝੱਬਰ ਨੂੰ ਪਤਾ ਚਲ ਗਿਆ ਤੇ ਉਨ੍ਹਾਂ ਇਸ ਦੇ ਰੋਸ ਵਜੋਂ ਇੱਕ ਯੋਜਨਾ ਤਹਿਤ ਗੁਰੂਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਵਿੱਚ ਲੜੀਵਾਰ ਜੱਥੇ ਭੇਜਣ ਦਾ ਫੈਸਲਾ ਲਿਆ। ਪਹਿਲੀ ਲੜੀ ਤਹਿਤ 2 ਜੱਥੇ 14 ਫਰਵਰੀ ਤੇ 17 ਫਰਵਰੀ ਨੂੰ ਭੇਜਣ ਦਾ ਫੈਸਲਾ ਹੋਇਆ। ਯੋਜਨਾ ਮੁਤਾਬਕ ਇੱਕ ਜੱਥੇ ਦੀ ਅਗਵਾਈ ਲਛਮਣ ਸਿੰਘ ਧਾਰੋਵਾਲੀ ਤੇ ਦੂਜੇ ਜੱਥੇ ਦੀ ਅਗਵਾਈ ਕਰਤਾਰ ਸਿੰਘ ਝੱਬਰ ਨੇ ਕਰਨੀ ਸੀ। ਮਹੰਤ ਤੇ ਅੰਗਰੇਜ ਸਰਕਾਰ ਦੀ ਬੇਹਿਸਾਬ ਤਾਕਤ ਨੂੰ ਵੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੱਥੇ ਭੇਜਣ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ ਤੇ ਉਸ ਨੇ ਆਪਣੇ ਦੂਤਾਂ ਰਾਹੀਂ ਕਰਤਾਰ ਸਿੰਘ ਝੱਬਰ ਤੇ ਲਛਮਣ ਸਿੰਘ ਧਾਰੋਵਾਲੀ ਨੂੰ ਫਿਲਹਾਲ ਇਹ ਕਦਮ ਚੁੱਕਣ ਤੋਂ ਰੋਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੂਤ ਸਮਾਂ ਰਹਿੰਦਿਆਂ ਕਰਤਾਰ ਸਿੰਘ ਝੱਬਰ ਤੱਕ ਪੁੱਜ ਗਿਆ ਤੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਿੰਤਾ ਦੱਸੀ, ਪਰ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੂਤ ਲਛਮਣ ਸਿੰਘ ਧਾਰੋਵਾਲੀ ਤੱਕ ਪੁੱਜਿਆ ਤਾਂ ਉਹ ਅਰਦਾਸ ਕਰਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਚੁੱਕੇ ਸਨ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਤ ਚੌਧਰੀ ਪਾਲ ਸਿੰਘ ਲਾਇਲਪੁਰੀ ਨੇ ਇੱਕ ਵਾਰ ਤਾਂ ਲਛਮਣ ਸਿੰਘ ਧਾਰੋਵਾਲੀ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨਾ ਜਾਣ ਲਈ ਮਨਾ ਲਿਆ ਪਰ ਜੱਥੇ ਵਿੱਚ ਸ਼ਾਮਿਲ ਦੂਜੇ ਆਗੂ ਜਥੇਦਾਰ ਟਹਿਲ ਸਿੰਘ ਨੇ ਕਿਹਾ ਕਿ ਗੁਰੂ ਦੀ ਅਰਦਾਸ ਹੋਣ ਉਪਰੰਤ ਪਿੱਛੇ ਨਹੀਂ ਹਟਿਆ ਜਾ ਸਕਦਾ ਤੇ ਹੁਣ ਜੋ ਹੋਵੇਗਾ ਉਹ ਵੇਖਿਆ ਜਾਵੇਗਾ।ਇਸ ਤਰ੍ਹਾਂ ਹੁਣ ਦੂਜੇ ਜੱਥੇ ਦੀ ਕਮਾਂਡ ਜਥੇਦਾਰ ਟਹਿਲ ਸਿੰਘ ਕੋਲ ਚਲੀ ਗਈ। ਜਥੇਦਾਰ ਟਹਿਲ ਸਿੰਘ ਵੱਲੋਂ ਕਮਾਂਡ ਸਾਂਭਣ ਉਪਰੰਤ ਲਛਮਣ ਸਿੰਘ ਧਾਰੋਵਾਲੀ ਵੀ ਪਿੱਛੇ ਨਹੀਂ ਹਟੇ, ਜਦਕਿ ਦੂਤ ਵਜੋਂ ਆਏ ਚੌਧਰੀ ਪਾਲ ਸਿੰਘ ਨੇ ਲਛਮਣ ਸਿੰਘ ਨੂੰ ਰੋਕਣ ਲਈ ਪਿਛਿਓਂ ਜੱਫਾ ਪਾ ਕੇ ਰੋਕਣ ਦੀ ਭਾਵੁਕ ਕੌਸ਼ਿਸ਼ ਵੀ ਕੀਤੀ ਪਰ ਉਹ ਗੁਰਦੁਆਰਾ ਸਾਹਿਬ ਵੱਲ ਤੁਰ ਪਏ। ਦੇਰ ਰਾਤ ਚਲਿਆ ਜੱਥਾ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਵਿਖੇ ਪੁੱਜ ਚੁੱਕਾ ਸੀ ਤੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਕਮਾਂਡ ਆਪਣੇ ਹੱਥਾਂ ਵਿੱਚ ਲੈ ਲਈ ਸੀ। ਜੱਥੇ ਦੀ ਇਸ ਕਾਰਵਾਈ ਅੱਗੇ ਸ਼ੁਰੂ-ਸ਼ੁਰੂ ਵਿੱਚ ਤਾਂ ਮਹੰਤ ਝੁੱਕ ਗਿਆ ਸੀ,ਪਰ ਬਾਅਦ ਵਿੱਚ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਜੱਥੇ ਦੇ ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ ਦਿਓ। ਇਸ ਮੌਕੇ ਵੱਡੀ ਗਹਿਗੱਚ ਲੜਾਈ ਹੋਈ ਤੇ ਮਹੰਤ ਦੇ ਗੁੰਡਿਆਂ ਨੇ ਅੰਗਰੇਜੀ ਫੌਜ ਦੀ ਮਦਦ ਨਾਲ ਜੱਥੇ ਨੂੰ ਕਾਫੀ ਨੁਕਸਾਨ ਪਹੁੰਚਾਇਆ।(MOREPIC2)

ਇਸ ਘਟਨਾ ਵਿੱਚ ਲਛਮਣ ਸਿੰਘ ਧਾਰੋਵਾਲੀ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਹੀ ਜੰਡ ਦੇ ਦਰੱਖਤ ਨਾਲ ਬੰਨ ਕੇ ਜਿੰਦਾ ਸਾੜ ਦਿੱਤਾ ਗਿਆ। ਇਹ ਘਟਨਾ ਇਸ ਪੱਧਰ ਉੱਤੇ ਫੈਲੀ ਕਿ ਸਵੇਰੇ ਕਰਤਾਰ ਸਿੰਘ ਝੱਬਰ 2200 ਸਿੱਖਾਂ ਨੂੰ ਲੈ ਕੇ ਦਿਨ ਚੜਦੇ ਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ ਤੇ ਉਸ ਸਮੇਂ ਕਾਂਗਰਸ ਦੀ ਕਮਾਂਡ ਦੇਖ ਰਹੇ ਮਹਾਤਮਾ ਗਾਧੀ ਨੇ ਵੀ ਘਟਨਾ ਦੀ ਨਿੰਦਾ ਕੀਤੀ, ਜਿਸ ਉਪਰੰਤ ਮਹੰਤ ਨੂੰ ਗ੍ਰਿਫ਼ਤਾਰ ਕਰਕੇ ਮੌਤ ਦੀ ਸਜਾ ਦਿੱਤੀ ਗਈ ਤੇ ਗੁਰਦੁਆਰੇ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਸੋਂਪ ਦਿੱਤੀਆਂ ਗਈਆਂ। ਇਹ ਉਸ ਸਮੇਂ ਦੇ ਸਿੱਖ ਆਗੂਆਂ ਦੀ ਕੌਮ, ਦੇਸ਼ ਤੇ ਨੈਤਿਕਤਾ ਪ੍ਰਤੀ ਗੰਭੀਰ ਸੋਚ ਸੀ। ਇਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਦੇਸ਼ ਦੀ ਅਜ਼ਾਦੀ ਤੇ ਸਿੱਖਾਂ ਦੇ ਮਸਲਿਆਂ ਵਿੱਚ ਸਰਗਰਮ ਹੋ ਗਈ।

ਮਾਸਟਰ ਤਾਰਾ ਸਿੰਘ ਦੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਧ ਪ੍ਰਫੁਲਿਤ ਹੋਇਆ ਤੇ 1937 ਦੀਆਂ ਪਹਿਲੀਆਂ ਚੋਣਾਂ ਵਿੱਚ ਦਲ ਨੇ ਸੂਬੇ ਵਿੱਚ 7 ਸੀਟਾਂ ਹਾਸਿਲ ਕੀਤੀਆਂ ਤੇ ਦੂਜੀ ਵਾਰੀ ਵਿੱਚ ਇਹ ਗਿਣਤੀ 22 ਤੱਕ ਪੁੱਜ ਗਈ। ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਤੋਂ ਹੀ ਪੰਜਾਬੀ ਸੂਬੇ ਦੀ ਮੰਗ ਜ਼ੋਰ -ਸੋਰ ਨਾਲ ਉਠਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਹਰ ਧਿਰ ਨੇ ਹਮਾਇਤ ਦਿੱਤੀ ਪਰ ਦੇਸ਼ ਆਜ਼ਾਦ ਹੁੰਦਿਆਂ ਹੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਮੰਗ ਨੂੰ ਕਾਫੀ ਦੇਰ ਤੱਕ ਅਟਕਾ ਕੇ ਰੱਖਿਆ।ਅੰਤ ਲੰਮੀ ਘਾਲਣਾ ਉਪਰੰਤ 1966 ਵਿੱਚ ਪੰਜਾਬ ਵਿੱਚੋਂ ਦੋ ਹਿੱਸੇ ਕੱਟ ਕੇ ਹਰਿਆਣਾ ਤੇ ਹਿਮਾਚਲ ਨੂੰ ਸੂਬੇ ਬਣਾ ਕੇ ਪੰਜਾਬੀਆਂ ਨੂੰ ਪੰਜਾਬੀ ਸੂਬੇ ਦੀ ਥਾਂ ਇਕ ਛੋਟੀ ਜਿਹੀ ਸੂਬੀ ਸੋਂਪ ਦਿੱਤੀ ਗਈ।ਵੱਖਰਾ ਪੰਜਾਬੀ ਸੂਬਾ ਬਣਨ ਉਪਰੰਤ ਸਿੱਖਾਂ ਦੀ ਲੀਡਰਸ਼ਿਪ ਸਿਆਸੀ ਚੱਕਰਾਂ ਵਿੱਚ ਪੈ ਗਈ। 1966 ਤੋਂ ਬਾਅਦ ਦੀ ਸਿਆਸਤ ਨੇ ਪੰਜਾਬ ਮਸਲਿਆਂ ਨੂੰ ਅਣਗੌਲਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ 20 ਧੜੇ ਹੋ ਗਏ, ਸਗੋਂ ਹਰ ਧੜੇ ਨੇ ਸੱਤਾ ਹਾਸਿਲ ਕਰਨ ਲਈ ਪੰਜਾਬ ਦੇ ਹਿੱਤਾਂ ਨੂੰ ਰੋਲ ਕੇ ਰੱਖ ਦਿੱਤਾ।(MOREPIC3)

ਪੰਜਾਬ ਵਿੱਚ ਅਕਾਲੀ ਦਲ ਦੀ ਪਹਿਲੀ ਸਰਕਾਰ 1967 ਵਿੱਚ ਬਣੀ ਤੇ ਇਸ ਉਪਰੰਤ ਥੋੜੇ-ਥੋੜੇ ਸਮੇਂ ਬਾਅਦ ਅਕਾਲੀ ਦਲ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਪਰ ਤਤਕਾਲੀਨ ਅਕਾਲੀ ਲੀਡਰਸ਼ਿਪ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝ ਨਾ ਪਾਈ। ਕਾਂਗਰਸੀ ਸਿਆਸਤ ਦਾ ਸ਼ਿਕਾਰ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਵਾਲੇ 1984 ਵਰਗੇ ਵੱਡੇ ਘਟਨਾਕ੍ਰਮ ਨੂੰ ਰੋਕਣ ਵਿੱਚ ਨਾਕਾਮ ਰਹੇ। ਐਸਵਾਈਐਲ (ਸਤਲੁਜ-ਯੁਮਨਾ ਲਿੰਕ) ਨਹਿਰ ਦੀ ਉਸਾਰੀ ਵਿੱਚ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਦੀ ਲੀਡਰਸ਼ਿਪ ਬਰਾਬਰ ਦੀ ਜ਼ਿੰਮੇਵਾਰ ਸੀ। ਇਸ ਉਪਰੰਤ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਵੀ ਅਕਾਲੀ ਲੀਡਰਸ਼ਿਪ ਕੁੱਝ ਖਾਸ ਨਾ ਕਰ ਸਕੀ ਤੇ ਪੰਜਾਬ ਦੇ ਨੌਜਵਾਨਾਂ ਨੇ ਰੁਜ਼ਗਾਰ ਤੇ ਖਰਾਬ ਮਾਹੌਲ ਦੇ ਚਲਦਿਆਂ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਲਿਆ।ਇਸ ਸਮੇਂ ਦੌਰਾਨ ਪੰਜਾਬ ਵਿੱਚ ਰਹਿੰਦੇ ਨੌਜਵਾਨ ਤੇ ਲੋਕ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਏ ਤੇ ਚਲਾਕ ਸਿਆਸਤਦਾਨਾਂ ਨੇ ਉਨ੍ਹਾਂ ਨੂੰ ਨਸ਼ੇ ਦੀ ਲੱਤ ਚ ਲਾ ਦਿੱਤਾ। ਪਾਕਿਸਤਾਨ ਵਰਗੇ ਦੇਸ਼ਾਂ ਨੇ ਵੀ ਇਸ ਦਾ ਲਾਭ ਲਿਆ ਤੇ ਪੰਜਾਬ ਨੂੰ ਬਲਦੀ ਦੇ ਮੂੰਹ ਚ ਪਾਉਣ ਵਿੱਚ ਕੋਈ ਕਸਰ ਨਾ ਛੱਡੀ। ਭਾਵੇਂ 1992 ਵਿੱਚ ਇਹ ਦਹਿਸ਼ਤਗਰਦੀ ਦਾ ਦੌਰ ਕੁੱਝ ਹੱਦ ਤੱਕ ਘਟ ਗਿਆ ਪਰ ਉਸ ਸਮੇਂ ਤੱਕ ਪੰਜਾਬ ਤੇ ਪੰਜਾਬੀਅਤ ਵਲੂੰਧਰੀ ਜਾ ਚੁੱਕੀ ਸੀ। ਸੂਬਾ ਬਹੁਤ ਵੱਡੇ ਕਰਜੇ ਦੀ ਦਲਦਲ ਵਿੱਚ ਫਸ ਚੁੱਕਿਆ ਸੀ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿਆਸਤ ਕਰਦੀ ਰਹੀ।ਤੇ ਦੂਜੇ ਪਾਸੇ ਉਹ ਖੁੱਲ ਕੇ ਕਦੇ ਆਪਣਾ ਸਪੱਸ਼ਟ ਪੱਖ ਨਹੀਂ ਰੱਖ ਸਕੀ।ਅਕਾਲੀਆਂ ਦੇ ਗੋਲ-ਮੋਲ ਰਵੱਈਏ ਕਾਰਨ ਹੀ ਪੰਜਾਬ ਗੁਮਨਾਮੀ ਦੇ ਹਨੇਰੇ ਵਿੱਚ ਜਾਂਦਾ ਰਿਹਾ।1995 ਵਿੱਚ ਮੋਗੇ ਵਿਚਲੀ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਨੂੰ ਪੰਥਕ ਦੀ ਬਜਾਏ ਧਰਮ ਨਿਰਪੱਖ ਧਿਰ ਐਲਾਨ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਧਰਮ ਨਿਰਪੱਖਤਾ ਦੇ ਬਹਾਨੇ ਸ਼ੌਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਨਾਲ ਗੱਠਜੋੜ ਕਰ ਗਿਆ,ਜੋ ਇਸ ਸਮੇਂ ਪੂਰੇ ਦੇਸ ਵਿੱਚ ਇੱਕ ਧਰਮ ਦੀ ਸਿਆਸਤ ਲਈ ਪੱਬਾਂ ਭਾਰ ਹੋਈ ਪਈ ਹੈ।ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਕਮਾਂਡ ਬਾਦਲ ਪਰਿਵਾਰ ਦੇ ਹੱਥ ਆ ਗਈ ਸੀ ਤੇ ਬਾਦਲ ਧੜੇ ਨੇ ਟਕਸਾਲੀ ਅਕਾਲੀਆਂ ਨੂੰ ਠਿੱਬੀ ਲਾਉਣਾ ਸ਼ੁਰੂ ਕਰ ਦਿੱਤਾ ਸੀ।ਅਕਾਲੀ ਦਲ ਦੇ ਨਵੇ ਬਣੇ ਸਿਆਸੀ ਗੱਠਜੋੜ ਦੇ ਚਲਦਿਆਂ ਅਕਾਲੀ ਦਲ ਨੇ ਕਈ ਸਾਲ ਸੱਤਾ ਦਾ ਅਨੰਦ ਮਾਣਿਆ ਪਰ ਉਨ੍ਹਾਂ ਵੱਲੋਂ ਇਸ ਸਾਸ਼ਨ ਦੌਰਾਨ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਤਿਲਾਂਜਲੀ ਦੇ ਦਿੱਤੀ ਗਈ।ਇਨ੍ਹਾਂ ਸਰਕਾਰਾਂ ਦੌਰਾਨ ਸਿੱਖਿਆ, ਸਿਹਤ ਤੇ ਆਮ ਆਦਮੀ ਦੇ ਮਸਲੇ ਵਿਸਾਰ ਦਿੱਤੇ ਗਏ। ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸਰਕਾਰ ਵੇਲੇ ਅਜਿਹਾ ਹਾਲ ਸੀ ਕਿ ਨਸ਼ਿਆਂ ਦੇ ਸੌਦਾਗਰ ਸਵੇਰੇ 4 ਵਜੇ ਪਿੰਡ ਵਿੱਚ ਅੰਮ੍ਰਿਤ ਵੇਲੇ ਦਾ ਪ੍ਰਸ਼ਾਦ ਆਉਣ ਦਾ ਹੋਕਾ ਦੇ ਦਿੰਦੇ ਸਨ। ਬੇਹਿਸਾਬ ਲਾਡਾਂ ਨਾਲ ਪਾਲੇ ਬੱਚੇ ਇਸ ਪ੍ਰਸ਼ਾਦ ਦੀ ਭੇਟ ਚੜ ਗਏ ਤੇ ਕਈ ਥਾਈਂ ਬੁਢਾਪੇ ਵੇਲੇ ਭੋਲੇ ਪੁੱਤਰ ਵੱਲੋਂ ਨਿਭਾਏ ਜਾਂਦੇ ਫਰਜ਼ ਲਾਡਲੀ ਭੋਲੀ ਨੂੰ ਨਿਭਾਉਣੇ ਪਏ। ਇਸੇ ਤਰ੍ਹਾਂ ਰਹਿੰਦੀ-ਸਹਿੰਦੀ ਕਸਰ ਇੱਕ ਅਖੌਤੀ ਡੇਰਾਮੁੱਖੀ ਨੂੰ ਬਿਨ੍ਹਾਂ ਮੰਗਿਆ ਦਿੱਤੀ ਮਾਫ਼ੀ ਨੇ ਕੱਢ ਦਿੱਤੀ।ਦੋਸ਼ ਇਹ ਵੀ ਲੱਗਿਆ ਕਿ ਉਸ ਡੇਰਾ ਮੁੱਖੀ ਨੇ ਤਾਂ ਮਾਫ਼ੀ ਮੰਗੀ ਹੀ ਨਹੀਂ ਸੀ, ਸਗੋਂ ਉਸ ਡੇਰੇ ਦੀਆਂ ਵੋਟਾਂ ਹਾਸਿਲ ਕਰਨ ਲਈ ਮਾਫ਼ੀਨਾਮਾ ਖੁੱਦ ਹੀ ਕੰਪਿਊਟਰ ਵਿੱਚ ਤਿਆਰ ਕਰ ਲਿਆ ਗਿਆ ਸੀ।ਇਸ ਮਾਫ਼ੀਨਾਮੇ ਨੇ ਅਜਿਹੇ ਪੁਆੜੇ ਪੁਆਏ ਕਿ ਸਾਰਾ ਪੰਜਾਬ ਇੱਕ ਵਾਰ ਫਿਰ ਤੋਂ ਭਾਂਬੜ ਬਣ ਗਿਆ।ਇਸ ਮਸਲੇ ਨੂੰ ਵੀ ਤਤਕਾਲੀਨ ਸਰਕਾਰ ਤਾਂ ਛੱਡੋ ਬਾਅਦ 'ਚੋਂ ਆਈ ਕਾਂਗਰਸ ਸਰਕਾਰ ਵੀ ਹੱਲ ਨਾ ਕਰ ਸਕੀ। ਇਸੇ ਤਰ੍ਹਾਂ ਇਹ ਹੁਣ ਤੱਕ ਪਤਾ ਹੀ ਨਹੀਂ ਲੱਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿਸ ਨੂੰ ਦੇ ਦਿੱਤੇ ਗਏ ? ਇਸ ਰਾਜਕਾਲ ਦੌਰਾਨ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਗੁਰੂ ਘਰਾਂ ਤੇ ਲੋੜਵੰਦ ਪੰਜਾਬੀਆਂ ਦੀ ਹਾਲਤ ਸੁਧਾਰਨ ਦੀ ਬਜਾਇ ਪੱਥਰ ਦੀਆਂ ਇਮਾਰਤਾਂ ਬਣਾ ਕੇ ਪੈਸੇ ਬਣਾਉਣ ਦੇ ਰਾਹ ਪਈ ਰਹੀ।ਵਧੇਰੇ ਅਕਾਲੀ ਆਗੂ ਪ੍ਰਾਪਰਟੀ ਡੀਲਰ ਤੇ ਹੋਟਲ ਕਾਰੋਬਾਰੀ ਬਣ ਗਏ।ਹੱਦ ਤਾਂ ਉਦੋਂ ਹੋ ਗਈ ਜਦੋਂ ਬਾਦਲ ਦਲ ਦੀ ਮਿਹਰਬਾਨੀ ਸਦਕਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣੇ ਆਗੂ ਦੇ ਪੁੱਤਰ ਦਾ ਨਾਮ ਬੁੱਚੜ ਖਾਨਿਆਂ ਦੇ ਕਾਰੋਬਾਰ ਵਿੱਚ ਆ ਗਿਆ। ਇਤਿਹਾਸ ਵਿੱਚ ਪਹਿਲੀ ਵਾਰ ਜਥੇਦਾਰ ਦੇ ਪੁਤਲੇ ਬਣਾ ਕੇ ਉਨ੍ਹਾਂ ਪੁਤਲਿਆਂ ਨੂੰ ਜੁੱਤੇ ਮਾਰੇ ਗਏ।ਹੁਣ ਨਵੇਂ ਮੌਜੂਦਾ ਜਥੇਦਾਰ ਭਾਵੇਂ ਬੇਹੱਦ ਕਾਬਲ ਹਨ ਪਰ ਉਹ ਅਜੇ ਤੱਕ ਕਾਰਜਕਾਰੀ ਜਥੇਦਾਰ ਹੀ ਹਨ।ਉਨ੍ਹਾਂ ਬਾਰੇ ਜ਼ਿਆਦਾ ਲਿਖਣ ਦੀ ਬਜਾਇ ਇਹ ਕਹਿਣਾ ਹੀ ਕਾਫ਼ੀ ਹੈ ਕਿ ਉਨ੍ਹਾਂ ਨੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਬਾਰੇ ਠੋਸ ਪੈਤੜਾ ਨਾ ਲੈ ਕੇ ਇਸ ਅਹੁਦੇ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ। ਕਿਸੇ ਸਮੇਂ ਸੰਘਵਾਦ ਤਹਿਤ ਸੂਬਿਆਂ ਨੂੰ ਵਧੇਰੇ ਹੱਕ ਦੇਣ ਦੇ ਮਾਮਲੇ ਵਿੱਚ ਚੈਂਪੀਅਨ ਰਿਹਾ ਸ਼੍ਰੋਮਣੀ ਅਕਾਲੀ ਦਲ ਧਾਰਾ 370 ਤੋੜਨ ਦੇ ਹੱਕ ਵਿੱਚ ਵੋਟਿੰਗ ਕਰ ਗਿਆ।

ਇਹ ਸਾਰੀਆਂ ਘਟਨਾਵਾਂ ਅਜੇ ਹੱਲ ਹੋ ਨਹੀਂ ਪਾਈਆਂ ਸਨ ਕਿ ਅਕਾਲੀ ਦਲ ਨੇ ਇੱਕ ਵਾਰ ਫਿਰ ਖੁੱਦ ਨੂੰ ਉਦੋਂ ਬੇਹੱਦ ਮਤਲਬਪ੍ਰਸਤ, ਕੁਰਸੀ ਦਾ ਲਾਲਚੀ ਤੇ ਸਿਆਸੀ ਨਾਬਾਲਗ ਸਿੱਧ ਕਰ ਦਿੱਤਾ, ਜਦੋਂ ਇਸ ਸਰਕਾਰ ਦੇ ਨੁਮਾਇੰਦਿਆਂ ਨੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨਾਲ ਸਹਿਮਤੀ ਪ੍ਰਗਟਾ ਦਿੱਤੀ।ਅਕਾਲੀ ਦਲ ਦੀ ਨਵੀਂ ਲੀਡਰਸ਼ਿਪ 2 ਮਹੀਨਿਆਂ ਤੱਕ ਇਨ੍ਹਾਂ ਕਾਨੂੰਨਾਂ ਦੇ ਹੱਕ 'ਚ ਪ੍ਰਚਾਰ ਕਰਦੀ ਰਹੀ।ਕਰੀਬ-ਕਰੀਬ ਸਮੁੱਚਾ ਪੰਜਾਬ ਧੁੱਪ, ਹਨੇਰੀ, ਮੀਂਹ ਤੇ ਕੱਕਰ 'ਚ ਸੜਕਾਂ ਉੱਤੇ ਰੁਲਦਾ ਰਿਹਾ। ਨਿੱਕੇ-ਨਿੱਕੇ ਜੁਆਕ ਵੀ ਕਾਨੂੰਨਾਂ ਦਾ ਸੱਚ ਜਾਣ ਗਏ ਪਰ ਉਸ ਸਮੇਂ ਦੀ ਉੱਚ ਲੀਡਰਸ਼ਿਪ ਇੱਕ ਲਾਲ ਝੰਡੀ ਬਦਲੇ ਆਪਣੇ ਜਮੀਰ ਨੂੰ ਕੇਂਦਰ ਕੋਲ ਗਿਰਵੀ ਰੱਖ ਆਈ।ਸਮੁੱਚੀ ਲੋਕਾਈ ਨੂੰ ਕਿਰਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਦੇਣ ਵਾਲੇ ਗੁਰੂ ਸਾਹਿਬਾਨ ਦੀ ਜਨਮ ਭੂਮੀ ਨਾਲ ਸਬੰਧਤ ਇਨ੍ਹਾਂ ਸਿਆਸੀ ਦਿੱਗਜਾਂ ਨੇ ਕਦੇ ਕਿਰਤੀ ਵਰਗ ਬਾਰੇ ਸੋਚਿਆ ਹੀ ਨਹੀਂ।ਦੂਜੇ ਪਾਸੇ ਆਪਣੀ ਅਣਖ ਨੂੰ ਸਭ ਤੋਂ ਵੱਡਾ ਗਹਿਣਾ ਮੰਨਣ ਵਾਲੇ ਪੰਜਾਬੀਆਂ ਨੇ ਇਸ ਵਾਰ ਚੋਣਾਂ ਵਿੱਚ ਇਨ੍ਹਾਂ ਸਾਰਿਆਂ ਮਸਲਿਆਂ ਨੂੰ ਧਿਆਨ ਵਿੱਚ ਰੱਖਿਆ ਤੇ ਅਕਾਲੀ ਦਲ ਨੂੰ ਚੇਤੇ ਕਰਾ ਦਿੱਤਾ ਕਿ ਜੋ ਸਾਡੇ ਬਾਰੇ ਨਹੀਂ ਸੋਚੇਗਾ, ਅਸੀਂ ਵੀ ਉਸ ਬਾਰੇ ਨਹੀਂ ਸੋਚਾਂਗੇ। ਹਾਲਾਂਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਉਚ ਮੰਨਦੇ ਹਨ ਤੇ ਇੱਥੇ ਅਕਾਲੀ ਸਿਆਸਤ ਕਦੇ ਵੀ ਖਤਮ ਨਹੀਂ ਹੋ ਸਕਦੀ,ਪਰ ਇਹ ਵਹਿਮ ਹੋਵੇਗਾ ਕਿ ਕੋਈ ਵਿਅਕਤੀ ਇਸ ਸਿਆਸਤ ਬਹਾਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜਾਬੀਅਤ ਨੂੰ ਪ੍ਰਣਾਏ ਲੋਕਾਂ ਨੂੰ ਟਿੱਚ ਜਾਣਦਿਆਂ ਕੁਰਸੀ ਦੀ ਲਾਲਸਾ ਵਿੱਚ ਕੁਝ ਵੀ ਕਰ ਲਵੇਗਾ। ਉਮੀਦ ਹੈ ਕਿ ਪੰਜਾਬ ਦੀ ਨਵੀਂ ਅਕਾਲੀ ਲੀਡਰਸ਼ਿਪ ਇਸ ਸਾਰੀ ਸਿਆਸਤ ਦੇ ਸਾਰ ਨੂੰ ਸਮਝੇਗੀ ਤੇ ਲਛਮਣ ਸਿੰਘ ਧਾਰੋਵਾਲੀ, ਕਰਤਾਰ ਸਿੰਘ ਝੱਬਰ ਤੇ ਜਥੇਦਾਰ ਟਹਿਲ ਸਿੰਘ ਦੇ ਕਿਰਦਾਰ ਨੂੰ ਜਹਿਨ ਵਿੱਚ ਰੱਖਦਿਆਂ ਭਵਿੱਖੀ ਫੈਸਲੇ ਲਵੇਗੀ।ਇਹ ਫੈਸਲੇ ਪੰਜਾਬ ਦੀ ਸਾਧਾਰਨ ਜਨਤਾ ਜੋ ਕਿਰਤ ਦੇ ਸਿਧਾਂਤ ਨੂੰ ਪ੍ਰਣਾਈ ਹੋਈ ਹੈ,ਵੱਲ ਨੂੰ ਸੇਧਤ ਹੋਣਗੇ।

 

ਮੋਬਾਇਲ :7889111988

ਵੀਡੀਓ

ਹੋਰ
Have something to say? Post your comment
X