Hindi English Tuesday, 30 April 2024 🕑
BREAKING
ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ ਸਿੱਖਿਆ ਬੋਰਡ ਭਲਕੇ ਐਲਾਨੇਗਾ 8ਵੀਂ ਤੇ 12ਵੀਂ ਦਾ ਨਤੀਜਾ ਗੋਲਡੀ ਦੇ ਕਾਂਗਰਸ ਛੱਡਣ ਦੀਆਂ ਚਰਚਾ ਵਿੱਚ ਸੁਖਪਾਲ ਖਹਿਰਾ ਦਾ ਵੱਡਾ ਬਿਆਨ ਕਾਂਗਰਸ ਨੂੰ ਵੱਡਾ ਝਟਕਾ : ਉਮੀਦਵਾਰ ਨੇ ਕਾਗਜ਼ ਲਏ ਵਾਪਸ, ਭਾਜਪਾ ’ਚ ਸ਼ਾਮਲ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 48 ਕਿਲੋ ਹੈਰੋਇਨ, 21 ਲੱਖ ਰੁਪਏ ਅਤੇ ਲਗਜ਼ਰੀ ਗੱਡੀਆਂ ਸਮੇਤ ਤਿੰਨ ਗ੍ਰਿਫਤਾਰ ਰਾਤ ਨੂੰ ਦੋਰਾਹਾ ਨਹਿਰ ‘ਚ ਡਿੱਗੀ ਕਾਰ ਬਰਾਮਦ, ਇੱਕ ਵਿਅਕਤੀ ਦੀ ਲਾਸ਼ ਮਿਲੀ ਪੰਜਾਬ ‘ਚ ਕਈ ਥਾਂਈਂ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ CM ਮਾਨ ਵੱਲੋਂ ਜਨਤਕ ਮੀਟਿੰਗਾਂ ਅਤੇ ਰੋਡ ਸ਼ੋਅ ਦਾ ਸਿਲਸਲਾ ਜਾਰੀ, ਅੱਜ ਰੂਪਨਗਰ ਪਹੁੰਚਣਗੇ ਰਾਘਵ ਚੱਢਾ ਵਿਰੁੱਧ ਵੀਡੀਓਜ਼ ਅਪਲੋਡ ਕਰਨ ਵਾਲੇ ਯੂਟਿਊਬਰ ‘ਤੇ ਪੰਜਾਬ ‘ਚ FIR ਦਰਜ ਭਿਆਨਕ ਸੜਕ ਹਾਦਸੇ 'ਚ 5 ਔਰਤਾਂ ਤੇ 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ 23 ਜ਼ਖਮੀ

ਲੇਖ

More News

ਔਰਤਾਂ ਦੀ ਗੰਭੀਰ ਸਮੱਸਿਆ ਹੈ ਗਰਭਪਾਤ

Updated on Friday, April 12, 2024 08:26 AM IST

ਡਾ ਅਜੀਤਪਾਲ ਸਿੰਘ ਐਮ ਡੀ 

ਡਾ ਅਜੀਤਪਾਲ ਸਿੰਘ ਐਮ ਡੀ

ਇਕ ਆਮ ਅਮਲ ਦੇ ਤਹਿਤ ਮਾਂ ਦੇ ਪੇਟ (ਬੱਚੇਦਾਨੀ) ‘ਚ ਗਰਭ ਨੌਂ ਮਹੀਨੇ ਜਾਂ ਦੋ ਸੌ ਅੱਸੀ ਦਿਨ ਰਹਿਣ ਪਿੱਛੋਂ ਵਿਕਸਿਤ ਹੋ ਕੇ ਬੱਚੇ ਦੇ ਰੂਪ ਵਿੱਚ ਜਨਮ ਲੈਂਦਾ ਹੈ ਪਰ ਇਨ੍ਹਾਂ ਨੌਂ ਮਹੀਨਿਆਂ ਵਿੱਚੋਂ ਸਤਵੇਂ ਮਹੀਨੇ ਤੋਂ ਪਹਿਲਾਂ ਕਦੀ ਵੀ ਗਰਭ ਦਾ ਬਾਹਰ ਹੋਣਾ ਗਰਭਪਾਤ ਅਖਵਾਉਂਦਾ ਹੈ, ਅੰਗਰੇਜ਼ੀ ‘ਚ ਜਿਸ ਨੂੰ ਅਬਾਰਸ਼ਨ ਕਹਿੰਦੇ ਹਨ, ਪਰ ਡਾਕਟਰੀ ਭਾਸ਼ਾ ਚ 'ਮਿਸਕੈਰੇਜ' ਕਿਹਾ ਜਾਂਦਾ ਹੈ। ਜਿਊਣ ਯੋਗ ਔਲਾਦ ਦੇ ਪੈਦਾ ਹੋਣ ਦੇ ਛੋਟੇ ਤੋਂ ਛੋਟੇ ਅਰਸੇ ਦੀ ਹੱਦ ਅਠਾਈ ਹਫਤੇ ਜਾਂ ਸੱਤ ਮਹੀਨੇ ਦੀ ਹੈ। ਇਸ ਲਈ ਅਠਾਈ ਹਫਤੇ ਤੋਂ ਪਹਿਲਾਂ ਹੋਣ ਵਾਲੇ ਜਣੇਪੇ ਨੂੰ ਜੋ ਪੂਰੇ ਅਰਸੇ (ਨੌ ਮਹੀਨੇ ਜਾਂ  ਚਾਲੀ ਹਫ਼ਤੇ) ਤੋਂ ਪਹਿਲਾਂ ਹੋ ਜਾਂਦੇ ਹਨ, 'ਪੀ੍ਮੈਚੁਰ ਡਿਲੀਵਰੀ' ਕਹਿੰਦੇ ਹਨ। ਗਰਭਪਾਤ ਲਈ ਡਾਕਟਰੀ ਵਿਗਿਆਨ ਦੀ ਭਾਸ਼ਾ ‘ਚ ਦੋ ਸ਼ਬਦ ਵਰਤੇ ਜਾਂਦੇ ਹਨ ਅਬਾਰਸ਼ਨ ਜਾਂ ਮਿਸਕੈਰਿਜ। ਲੋਕ ਵਿਹਾਰ ਚ ਅਬਾਰਸ਼ਨ ਸ਼ਬਦ ਦੀ ਵਰਤੋਂ ਗੈਰਕਾਨੂੰਨੀ ਤਰੀਕੇ ਨਾਲ ਜਾਂ ਜ਼ਬਰਦਸਤੀ ਕਰਵਾਏ ਗਰਭਪਾਤ ਲਈ ਲੋਕ ਕਰਦੇ ਹਨ, ਜਦ ਕਿ ਮਿਸਕੈਰੇਜ ਸ਼ਬਦ ਦਾ ਅਰਥ ਰੋਗ ਸੂਚਕ ਗਰਭਪਾਤ ਚ ਕੀਤਾ ਜਾਂਦਾ ਹੈ। ਇੱਥੇ ਅਸੀਂ ਅਬਾਰਸ਼ਨ ਨੂੰ ਰੋਗ ਵਜੋਂ ਹੀ ਵਿਚਾਰਾਂਗੇ।

ਕਾਰਣ:- ਭਾਵੇਂ ਕਿ ਗਰਭਪਾਤ ਲਈ ਜ਼ਿੰਮੇਵਾਰ ਨਿਸ਼ਚਿਤ ਕਾਰਨਾਂ ਦੀ ਨਿਸ਼ਾਨਦੇਹੀ ਤਾਂ ਅਜੇ ਤੱਕ ਨਹੀਂ ਹੋ ਸਕੀ ਹੈ ਪਰ ਫਿਰ ਵੀ ਕੁੱਝ ਕਾਰਨ ਹਨ ਜੋ ਗਰਭਪਾਤ ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ।

(1) ਪਿਤਾ ਨਾਲ ਸੰਬੰਧਿਤ ਕਾਰਨ:- ਕਈ ਵਾਰ ਸ਼ੁਕਰਾਣੂ ਜਾਂ ਮਰਦ ਬੀਜਾਂ (ਸਪਰਮ) ਦੇ ਨੁਕਸਦਾਰਲ ਹੋਣ ਕਰਕੇ ਵੀ ਗਰਭ ਬੱਚੇਦਾਨੀ ਚ ਵੱਧ ਸਮੇਂ ਤੱਕ ਨਹੀਂ ਠਹਿਰ ਸਕਦਾ ਤੇ ਅਚਾਨਕ ਗਰਭਪਾਤ ਹੋ ਜਾਂਦਾ ਹੈ।

(2) ਮਾਂ ਸਬੰਧੀ ਕਾਰਨ:- ਗਰਭਪਾਤ ‘ਚ ਮੁੱਖ ਭੂਮਿਕਾ ਮਾਂ ਦੀ ਹੁੰਦੀ ਹੈ। ਇਸ ‘ਚ ਮਾਂ ਦੇ ਸਥਾਨਕ ਅੰਗਾਂ ਜਾਂ ਹਰਜੇ ਆਦਿ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਜੋ ਇਸ ਪ੍ਰਕਾਰ ਹਨ:-

(ਉ) ਹਾਰਮੋਨਲ:  ਸਰੀਰ ‘ਚ ਹਾਰਮੋਨ ਪੈਦਾ ਕਰਨ ਵਾਲੀਆਂ ਗਰੰਥੀਆਂ ਦਾ ਅਸੰਤੁਲਨ ਖਾਸ ਕਰਕੇ ਡਿੱਬ ਗਰੰਥੀਆਂ, ਐਡਰੀਨਲ ਗ੍ੰਥੀਆਂ, ਪੈਚੂਟਰੀ ਗਲੈਂਡਸ ਤੇ ਥਾਇਰਾਇਡ ਗਲੈਂਡ ਦੇ ਹਾਰਮੋਨਜ਼ ਦੀ ਅਸੰਤੁਲਿਤ ਮਾਤਰਾ ਗਰਭਪਾਤ ਕਰਵਾਉਣ ਦੇ ਕਾਰਨ ਹੁੰਦੇ ਹਨ। ਗਰਭਵਤੀ ਔਰਤ ਦੇ ਭੋਜਨ ‘ਚ ਵਿਟਾਮਿਨਾਂ ਦੀ ਘਾਟ ਵਿਸ਼ੇਸ਼ ਕਰਕੇ ਵਿਟਾਮਿਨ ਈ, ਸੀ, ਏ ਤੇ ਬੀ-ਕੰਮਲੈਕਸ ਦੀ ਘਾਟ ਅਤੇ ਖੂਨ ਦੀ ਕਮੀ (ਅਨੀਮੀਆ) ਬੇਹੱਦ ਘਾਤਕ ਹੋ ਸਕਦੀ ਹੈ। ਇਸ ਤੋਂ ਇਲਾਵਾ ਡਾਇਬਿਟੀਜ਼ (ਸ਼ੂਗਰ ਦੀ ਬਿਮਾਰੀ), ਘਾਤਕ ਦਿਲ ਦਾ ਰੋਗ, ਨਿਮੋਨੀਆ, ਪਲੂਰਾਈਟਸ, ਅਪੈਂਡੇਸਾਇਟਸ, ਹਾਈ ਬਲੱਡ ਪ੍ਰੈਸ਼ਰ, ਦਸਤ, ਇਨਫੈਕਸ਼ਨ  ਕਾਰਨ ਸੋਜ਼, ਮਲੇਰੀਆ ਬੁਖਾਰ, ਟਾਈਫਾਈਡ, ਇਨਫੂਲੈਂਜਾ, ਵੱਡੀ ਮਾਤਾ, ਗੁਰਦਾ ਰੋਗ ਤੇ ਟਾਕਸੋਪਲਾਜਮੋਸਿਸ ਆਦਿ ਬੀਮਾਰੀਆਂ ਦੇ ਕਾਰਨ ਵੀ ਗਰਭਪਾਤ ਹੋ ਸਕਦਾ ਹੈ। ਆਸ਼ਤਿਕ (ਸਿਫਲਿਸ) ਗਰਭਪਾਤ ਦਾ ਮੁੱਖ ਕਾਰਨ ਹੋ ਸਕਦਾ ਹੈ। ਪ੍ਰੋਟੋਜੋਅਲ, ਬੈਕਟੀਰੀਅਲ ਇਨਫੈਕਸ਼ਨ, ਲੈੱਡ-ਪੁਆਇਜ਼ਨਿੰਗ, ਪਹਿਲਾਂ ਕਦੇ ਬਨਾਉਟੀ  ਤਰੀਕੇ ਨਾਲ ਗਰਭਪਾਤ ਜਬਰੀ ਕਰਾਉਣ ਦਾ ਇਤਿਹਾਸ, ਗਰਭ ਦੇ ਲਿੰਗ ਦੀ ਜਾਂਚ ਲਈ ਭਰੂਣ ਦੇ ਤਰਲ ਦੀ ਜਾਂਚ ਤੇ ਵਾਰ ਵਾਰ ਗਰਭਪਾਤ ਕਰਾਉਣ ਆਦਿ ਕਾਰਨਾਂ ਕਰਕੇ ਵੀ ਗਰਭਪਾਤ ਹੋ ਜਾਂਦਾ ਹੈ। ਅਚਾਨਕ ਭੈਅ, ਚਿੰਤਾ, ਸ਼ੋਕ, ਕੋਈ ਦੁਖਦਾਈ ਖ਼ਬਰ, ਨਾੜੀ ਜਾਂ ਨਰਵਸ ਸਬੰਧੀ ਕੋਈ ਅਸੰਤੁਲਨ' ਪਾਰਾ, ਸਿੱਕਾ, ਕਾਰਬਨ ਮੋਨੋਆਕਸਾਈਡ, ਅਲਕੋਹਲ, ਮਾਰਫਿਨ ਆਦਿ ਹੋਰ ਘਾਤਕ ਪਦਾਰਥ ਵੀ ਗਰਭਪਾਤ ਦਾ ਕਾਰਣ ਬਣ ਸਕਦੇ ਹਨ।

(ਅ) ਸਥਾਨਕ ਕਾਰਨ:- ਔਰਤਾਂ ਦੇ ਪੇਡੂ (ਪੈਲਵਿਕ ਰਿਜਨ) ‘ਚ ਸਥਿਤ ਜਨਣ ਅੰਗਾਂ ਦੇ ਵਿਗਾੜ ਜਿਵੇਂ ਜਨਣ ਅੰਗਾਂ ਚ ਸੋਜ, ਬੱਚੇਦਾਨੀ ਦਾ ਪਿੱਛੇ ਵੱਲ ਹਟ ਜਾਣਾ, ਬੱਚੇਦਾਨੀ ‘ਚ ਕੋਈ ਗੰਢ, ਰਸੌਲੀ, ਫਾਇਬਰੋਮਾ, ਡਿੰਬ ਗ੍ਰੰਥੀ ਦੀ ਗੰਢ (ਸਰਵਾਇਕਲ ਸਿਸਟ), ਬੱਚੇਦਾਨੀ ਦੇ ਮੂੰਹ ਦਾ ਜਖਮ (ਸਰਵੀਕਲ ਕੈਂਸਰ), ਡੈਸੀਡੂਆ ਦਾ ਵਿਗਾੜ, ਬੱਚੇਦਾਨੀ ਦੀ ਪੁਰਾਣੀ ਸੋਜ ਸਬੰਧੀ ਤਕਲੀਫ਼ਾਂ ਜਿਵੇਂ ਬੱਚੇਦਾਨੀ ਦੀ ਅੰਦਰਲੀ ਪਰਤ ਵਿਚ ਸੋਜ਼, ਫੈਲੋਪੀਅਨ ਟਿਊਬ ਵਿਚ ਗਰਭ ਧਾਰਨ ਹੋ ਜਾਣਾ (ਇੱਕਟੌਪਿਕ ਪ੍ਰੈਗਨੈਂਸੀ), ਜਣਨ ਅੰਗਾਂ ਦਾ ਪੂਰੀ ਤਰ੍ਹਾਂ ਵਿਕਸਤ ਨਾ ਹੋ ਸਕਣ,  ਪਹਿਲਾਂ ਹੋਇਆ ਗਰਭਪਾਤ ਜਾਂ ਆਪ੍ਰੇਸ਼ਨ ਰਾਹੀਂ ਜਣੇਪੇ ਪਿੱਛੋਂ ਬੱਚੇਦਾਨੀ ਦਾ ਮੂੰਹ ਖੁੱਲ੍ਹੇ ਰਹਿ ਜਾਣਾ ਆਦਿ ਕਾਰਨਾਂ ਕਰਕੇ ਵੀ ਗਰਭਪਾਤ ਹੋ ਜਾਂਦਾ ਹੈ। ਗਰਭਪਾਤ ਦੌਰਾਨ ਭੱਜਣਾ ਦੌੜਨਾ, ਪੀਂਘ ਝੂਟਣੀ, ਉੱਚੀ ਨੀਵੀਂ ਥਾਂਵੇਂ ਸਫਰ ਕਰਨਾ, ਕੁੱਦਣਾ, ਟੱਪਣਾ, ਹਿਚਕੋਲੇ ਵਾਲੀ ਸਵਾਰੀ ਜਿਵੇਂ ਬੈਲ ਗੱਡੀ, ਊਠ, ਸਾਈਕਲ, ਟਰੈਕਟਰ ਆਦਿ ‘ਤੇ ਬੈਠਣਾ, ਪੇਟ ਤੇ ਸੱਟ, ਵੱਧ ਸਰੀਰਕ ਕਸਰਤ, ਭਾਰੀ ਵਜ਼ਨ ਚੁਕਣਾ, ਤੇਜ ਚੱਲਣਾ ਜਾਂ ਪੌੜੀਆਂ ਚੜ੍ਹਨਾ, ਵੱਧ ਸੰਭੋਗ ‘ਚ ਗਲਤਾਨ ਰਹਿਣਾ, ਸਾੜ੍ਹੀ ਜਾਂ ਪੇਟੀ ਕੋਟ ਵਗੈਰਾ ਨੂੰ ਵੱਧ ਕਸ ਕੇ ਬੰਨਣਾ ਜਾਂ ਬੱਚੇਦਾਨੀ ਤੇ ਸੱਟ ਵੱਜਣੀ ਆਦਿ ਕਰਕੇ ਵੀ ਗਰਭਪਾਤ ਦਾ ਖਤਰਾ ਰਹਿੰਦਾ ਹੈ।

(ੲ) ਡਿੰਬ ਭਾਵ ਔਰਤ ਬੀਜ ਸਬੰਧੀ ਕਾਰਨ:- ਇਸ ਦੇ ਮੁੱਖ ਕਾਰਨ ਹਨ ਵਿਕਾਸ ਸਬੰਧੀ ਵਿਗਾੜ, ਗਰਭ ਅੰਦਰਲੇ ਭਰੂਣ ‘ਚ  ਵਿਗਾੜ ਹੋਣਾ, ਗਰਭ ਅੰਦਰਲੇ ਭਰੂਣ ਦੇ ਚੌਤਰਫੇ ਸਥਿਤ ਤਰਲ ਦੀ ਵੱਧ ਮਾਤਰਾ ਔਲ ਜਾਂ ਪਲੈਸੈਂਟਾ ਦਾ ਵਿਗਾੜ, ਭਰੂਣ ਦੇ ਵਿਕਾਸ ਲਈ ਬੱਚੇਦਾਨੀ ‘ਚ ਬਣਨ ਵਾਲੇ ਪੌਸ਼ਟਿਕ ਆਹਾਰ ਦੇ ਪੱਧਰ ਦਾ ਕੁਦਰਤੀ ਵਿਕਾਸ ਨਾ ਹੋਣਾ, ਉਤਪਾਦਕ ਸੈਲਾਂ (ਜਰਮ ਸੈਲਾਂ) ਦੀ ਜੀਵਨ ਸ਼ਕਤੀ ਦੀ ਘਾਟ ਹੋਣ ਕਰਕੇ ਬੱਚੇਦਾਨੀ ਅੰਦਰ ਪਿਆ ਭਰੂਣ ਸੁੱਕਣ ਲਗਦਾ ਹੈ ਜਾਂ ਭਰੂਣ ਲਈ ਜਗਾਹ ਸਹੀ ਢੰਗ ਨਾਲ ਨਾ ਬਣਨਾ ਇਹ ਸਾਰੇ ਕਾਰਨ ਸਮੇਂ ਤੋਂ ਪਹਿਲਾਂ ਹੀ ਗਰਭ ਨੂੰ ਬਾਹਰ ਕੱਢਣ ਭਾਵ ਗਰਭਪਾਤ ਲਈ ਜ਼ਿੰਮੇਵਾਰ ਹੋ ਸਕਦੇ ਹਨ।

(ਸ) ਸੱਟ/ਟਰੌਮਾ:- ਗਰਭਵਤੀ ਔਰਤ ਦੇ ਪੇਟ ਜਾਂ ਪੇਡੂ ਖੇਤਰ ਵਿੱਚ ਕਿਸੇ ਕਿਸਮ ਦੀ ਸੱਟ ਵੱਜਣੀ, ਨਜਾਇਜ਼ ਗਰਭ ਧਾਰਨ ਹੋ ਜਾਣਾ (ਕੁਆਰੀ ਜ ਵਿਧਵਾ ਔਰਤ ਦੇ ਗਰਭ ਠਹਿਰ ਜਾਣ ਜਾਂ ਬਲਾਤਕਾਰ ਕਰਕੇ ਗਰਭ ਠਹਿਰ ਜਾਣ) ਜਾਂ ਗਰਭ ਨੂੰ ਖ਼ਤਮ ਕਰਨ ਦੀਆਂ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਜਾਂ  ਸਜ਼ਾਯੋਗ ਗਰਭਪਾਤ (ਕ੍ਰਿਮੀਨਲ ਅਬੋਰਸ਼ਨ) ਕਰਾਉਣ ਲਈ ਕਿਸੇ ਪਾਬੰਦੀਸ਼ੁਦਾ ਪਦਾਰਥ ਜਾਂ ਉਜ਼ਾਰਾਂ ਜਾਂ  ਰਸਾਇਣਕ ਪਦਾਰਥਾਂ ਨੂੰ ਬੱਚੇਦਾਨੀ ਜਾਂ ਯੌਨੀ ‘ਚ ਦਾਖਲ ਕਰਕੇ ਗਰਭਪਾਤ ਦੀ ਕੋਸਿਸ਼ ਆਦਿ ਕਾਰਨਾਂ ਕਰਕੇ ਹੋਣ ਵਾਲੇ ਗਰਭਪਾਤ ਨੂੰ ਕੁੱਲ ਮਿਲਾ ਕੇ ਇਸ ਤਰ੍ਹਾਂ ਅੰਕਿਤ ਕੀਤਾ ਜਾਂਦਾ ਹੈ। ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨੇ ਵੱਖ ਵੱਖ ਆਸਨ ਵਰਤ ਕੇ ਸੰਭੋਗ ਕੀਤਾ ਜਾਵੇ ਤਾਂ ਵੀ ਗਰਭਪਾਤ ਦਾ ਖਤਰਾ ਰਹਿੰਦਾ ਹੈ। ਵੱਧ ਭਾਰ ਚੁੱਕਣ ਨਾਲ ਵੀ ਗਰਭਪਾਤ ਹੋ ਸਕਦੈ।

(ਹ) ਹੋਰਨਾਂ ਕਾਰਨਾ ਕਰਕੇ ਗਰਭਪਾਤ:- ਜੋ ਔਰਤਾਂ ਪਹਿਲੀ ਵਾਰ ਮਾਂ ਬਣ ਰਹੀਆਂ ਹੋਣ ਉਨ੍ਹਾਂ ‘ਚ ਹੈਬੀਚੁਅਲ ਜਾਂ 'ਟੀ੍ਟੇੰਡ ਅਬੌਰਸ਼ਨ' ਹੋਣ ਦਾ ਖਤਰਾ ਵੱਧ ਰਹਿੰਦਾ ਹੈ। ਵਾਰ ਵਾਰ  ਗਰਭ ਧਾਰਨ ਕਰਨਾ, ਤੇਜ਼ ਜੁਲਾਬ ਦੀ ਵਰਤੋਂ, ਅਚਾਨਕ ਡਰ ਜਾਣਾ, ਚਿੰਤਾ, ਅਫਸੋਸ, ਕਲੇਸ਼ ਜਾਂ ਮਾਨਸਿਕ ਉਤੇਜਨਾ, ਗਰਭ ਨਿਰੋਧਕ ਗੋਲੀਆਂ ਅਤੇ ਉਪਕਰਣਾਂ ਦੀ, ਵਾਰ ਵਾਰ ਧੱਕੇ ਨਾਲ  ਗਰਭਪਾਤ ਕਰਨਾ, ਵੱਧ ਸਿਗਰਟਾਂ ਪੀਣੀਆਂ, ਸ਼ਰਾਬ ਪੀਣੀ, ਤੰਬਾਕੂ ਦੀ ਵਰਤੋਂ ਕਰਨੀਂ, ਚਰਸ ਅਤੇ ਹੈਰੋਇਨ ਸਮੈਕ ਆਦਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨੀ, ਉਤੇਜਕ ਪਦਾਰਥਾਂ ਦੀ ਵਰਤੋਂ, ਕੈਂਸਰ ਤੇ ਏਡਜ਼ ਨਿਰੋਧਕ ਗੋਲੀਆਂ, ਦਵਾਈਆਂ ਦੀ ਵੱਧ ਵਰਤੋਂ, ਗਰਭ ਕਾਲ ਦੌਰਾਨ ਟੀ ਬੀ ਦੀਆਂ ਦਵਾਈਆਂ ਦੀ ਵਧੇਰੇ ਵਰਤੋਂ, ਕੁਨੀਨ ਐਸਪਰੀਨ, ਟੈਟਰਾਸਾਈਕਲੀਨ, ਸਟੀਰਾਇਡ, ਐਂਟੀਬਾਇਓਟਿਕਸ ਆਦਿ ਦਵਾਈਆਂ ਦੀ ਅੰਧਾਧੁੰਦ ਵਰਤੋਂ ਐਂਟੀ ਕੋਐਗੂਲੈਂਟਸ (ਖ਼ੂਨ ਨਾ ਜੰਮਣ ਦੇਣ ਵਾਲੀਆਂ ਦਵਾਈਆਂ), ਮਰਕਰੀ ਪਾਰਾ), ਲੈੱਡ (ਸਿੱਕਾ), ਕੈਡਮੀਅਮ, ਸੇਲੇਨੀਅਮ ਆਦਿ ਦਾ ਗਰਭਵਤੀ ਔਰਤ ਤੇ ਹੋਣ ਵਾਲਾ ਜ਼ਹਿਰੀਲਾ ਅਸਰ ਗਰਭਪਾਤ ਲਈ ਜ਼ਿੰਮੇਵਾਰ ਹੋ ਸਕਦੇ ਹਨ। ਖੇਤਾਂ ਵਿੱਚ ਵਰਤੀ ਜਾਣ ਵਾਲੀ ਯੂਰੀਆ, ਡੀਏਪੀ ਆਦਿ ਕਾਰਪੋਰੇਟ ਖਾਦ, ਕੀੜੇਮਾਰ ਰਸਾਇਣਕ ਦਵਾਈਆਂ ਮਿਲਿਆ ਹੋਇਆ ਬੀਜ, ਕੀਟਨਾਸ਼ਕ, ਐਕਸਰੇ, ਗਾਮਾ ਕਿਰਨਾਂ,ਰੇਡੀਓਥੈਰੇਪੀ,ਓਜ਼ੋਨ, ਅਲਕੋਹਲ ਆਦਿ ਦੀ ਗਰਭਵਤੀ ਦੇ ਖੂਨ ਦੀ ਵੱਧ ਮਾਤਰਾ ਹੋ ਜਾਣ ਤੇ ਗਰਭ ਅੰਦਰਲੇ ਭਰੂਣ ਤੇ ਘਾਤਕ ਅਸਰ ਹੋਣ ਦੇ ਸਿੱਟੇ ਵਜੋਂ ਗਰਭਪਾਤ ਦੀ ਸੰਭਾਵਨਾ ਹੁੰਦੀ ਹੈ। ਅੱਜਕੱਲ੍ਹ ਸਾਗ ਸਬਜ਼ੀਆਂ ਤੇ ਅਨਾਜ ਦੀ ਪੈਦਾਵਾਰ ਵਧਾਉਣ, ਉਨ੍ਹਾਂ ਚ ਕੀੜਿਆਂ ਅਤੇ ਹੋਰ ਰੋਗਾਂ ਤੋਂ ਬਚਾਅ ਲਈ ਫਲਾਂ ਨੂੰ ਬਨਾਉਟੀ ਢੰਗ ਨਾਲ ਪਕਾਉਣਾ, ਵੱਧ ਦਿਨਾਂ ਤੱਕ ਸੁਰੱਖਿਅਤ ਰੱਖਣ ਲਈ ਵੱਖ ਵੱਖ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਵੱਡੀ ਪੱਧਰ ਤੇ ਹੋ ਰਹੀ ਹੈ। ਇਹ ਸਭ ਘਾਤਕ ਤੇ ਮੱਠੇ ਜ਼ਹਿਰ ਹਨ ਜੋ ਮਨੁੱਖ ਦੇ ਸਰੀਰ ਚ ਜਾ ਕੇ ਅਨੇਕਾਂ ਲਾ-ਇਲਾਜ ਰੋਗਾਂ ਨੂੰ ਪੈਦਾ ਤਾਂ ਕਰ ਹੀ ਰਹੇ ਹਾਂ, ਨਾਲ ਹੀ ਔਰਤ ਚ ਹੋਣ ਵਾਲੇ ਬੇਵਕਤ ਜਣੇਪਿਆਂ ਤੇ ਗਰਭਪਾਤ ਦੇ ਵੀ ਕਾਰਨ ਬਣ ਰਹੇ ਹਨ।  ਵਿਗਿਆਨਕ ਖੋਜਾਂ ਅਤੇ ਜਾਂਚਾਂ ਨੇ ਇਹ ਗੱਲ ਪਹਿਲਾਂ ਹੀ ਸਾਬਤ ਕੀਤੀ ਹੋਈ ਹੈ। ਖਾਣਾਂ ਵਿੱਚ ਕੀਤੇ ਜਾਣ ਵਾਲੇ ਧਮਾਕੇ,ਪ੍ਮਾਣੂ ਤੇ ਰਸਾਇਣਕ ਹਥਿਆਰ, ਘੱਟ ਜਾਂ ਕਾਫ਼ੀ ਵੱਡੀ ਉਮਰ ਚ ਗਰਭ ਧਾਰਨ ਕਰਨਾ, ਮਾਨਸਿਕ ਤਣਾਅ, ਖ਼ੂਨ ਦੀ ਘਾਟ, ਸਰੀਰਕ ਕਮਜ਼ੋਰੀ, ਕੁਪੋਸ਼ਣ ਆਦਿ ਕਾਰਨਾਂ ਕਰਕੇ ਵੀ ਗਰਭਪਾਤ ਹੋ ਸਕਦਾ ਹੈ। ਕੁਝ ਔਰਤਾਂ ਵਿੱਚ ਗਰਭ ਧਾਰਨ ਤਾਂ ਹੁੰਦਾ ਹੈ ਪਰ ਤੀਜੇ ਚੌਥੇ ਮਹੀਨੇ ਆਦਤਨ ਗਰਭਪਾਤ (ਹੈਬੀਚੁਅਲ ਅਬਾਰਸ਼ਨ) ਹੋ ਜਾਂਦੀ ਹੈ। ਅਜਿਹੀਆਂ ਔਰਤਾਂ ਨੂੰ ਗਰਭ ਠਹਿਰਨ ਤੇ ਹੀ ਆਪਣੀ ਜਾਂਚ ਕਿਸੇ ਯੋਗ ਡਾਕਟਰ ਤੋਂ ਦਵਾਈ ਲੈਣੀ ਚਾਹੀਦੀ ਹੈ। ਕਈ ਤਰ੍ਹਾਂ ਦੀਆਂ ਭਾਵਨਾਵਾਂ (ਇਮੋਸ਼ਨਜ਼) ਦੇ ਸਿੱਟੇ ਵਜੋਂ ਬੱਚੇਦਾਨੀ ਚ ਹੋਣ ਵਾਲੀ ਪ੍ਰਤੀਕਿਰਿਆ ਵੀ ਗਰਭਪਾਤ  ਦਾ ਕਾਰਨ ਹੋ ਸਕਦੀ ਹੈ।

 ਗਰਭਪਾਤ ਦਾ ਰੂਪ ਕੀ ਹੋ ਸਕਦਾ ਹੈ ?

ਦੋ ਮਹੀਨਿਆਂ ‘ ਗਰਭਪਾਤ ਹੋਣ ਦੀ ਹਾਲਤ ਚ ਅਕਸਰ  ਬੱਚੇਦਾਨੀ ‘ਚ ਸਥਿਤ ਪਦਾਰਥ ਇੱਕੋ ਵੇਲੇ ਹੀ ਇੱਕ ਸਮੂਹ ਵਜੋਂ ਬਾਹਰ ਨਿਕਲ ਜਾਂਦੇ ਹਨ। ਤੀਜੇ ਮਹੀਨੇ ਪਿੱਛੋਂ ਅਕਸਰ ਪਹਿਲਾਂ ਹੀ ਗਰਭ ਦੇ ਚਾਰੇ ਪਾਸੇ ਸਥਿਤ ਤਰਲ (ਐਮਨਿਓਟਿਕ ਫਲਿਊਡ) ਤੇ ਗਰਭ ਇਕੱਠੇ ਬਾਹਰ ਨਿਕਲਦੇ ਹਨ ਤੇ ਬਾਕੀ ਬਚੇ ਹੋਏ  ਗਰਭ ਦੇ ਚਾਰੇ ਪਾਸੇ ਦਾ ਅਵਰਣ ਡੈਸੀਡੂਆ ਤੇ ਔਲ ਆਦਿ ਇਸ ਤੋਂ ਪਿੱਛੋਂ ਨਿਕਲਦੇ ਹਨ, ਪਰ ਔਲ ਦੇ ਕੁਝ ਅੰਸ਼ ਅੰਦਰ ਰਹਿ ਜਾਣ ਦਾ ਰੁਝਾਨ ਵੀ ਵੇਖਿਆ ਗਿਆ ਹੈ। ਇਸ ਕਾਰਨ ਤੀਜੇ,ਚੌਥੇ, ਪੰਜਵੇਂ ਮਹੀਨੇ ‘ਚ ਹੋਣ ਵਾਲੇ ਗਰਭਪਾਤ ਨੂੰ ਅਧੂਰਾ ਗਰਭਪਾਤ ਕਿਹਾ ਜਾਂਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਗਰਭਪਾਤ ਦੂਜੇ ਜਾਂ ਤੀਜੇ ਮਹੀਨੇ ( 11ਵੇਂ ਹਫ਼ਤੇ) ‘ਚ ਵੱਧ ਹੁੰਦਾ ਹੈ ਕਿਉਂਕਿ ਇਸ ਅਰਸੇ ‘ਚ ਬੱਚੇਦਾਨੀ ਦੀ ਅੰਦਰਲੀ ਪਰਤ (ਜੋ ਗਰਭ ਧਾਰਨ ਪਿਛੋਂ  ਅਨੇਕਾਂ ਤਬਦੀਲੀਆਂ ਕਰਕੇ ਗਰਭ ਰੱਖਣ ਦੇ ਯੋਗ ਬਣ ਜਾਂਦੀ ਹੈ) ਵਿੱਚ ਖ਼ੂਨ ਦੀ ਸਪਲਾਈ ਵਧ ਜਾਂਦੀ ਹੈ, ਉਸਦੇ ਨਾਲ ਭਰੂਣ ਦਾ ਸਬੰਧ ਵੱਧ ਦ੍ਰਿੜ੍ਹ ਮੰਨਿਆ ਜਾਂਦਾ ਹੈ। ਸ਼ੁਰੂ ਦੇ ਦੋ ਮਹੀਨਿਆਂ ਚ ਹੋਣ ਵਾਲੇ ਗਰਭਪਾਤ ਦੇ ਮੁਕਾਬਲੇ ਚੌਥੇ ਜਾਂ ਪੰਜਵੇਂ  ਮਹੀਨੇ ਹੋਣ ਵਾਲਾ ਗਰਭਪਾਤ ਮਾਂ ਲਈ ਖ਼ਤਰਨਾਕ (ਘਾਤਕ) ਸਿੱਧ ਹੋ ਸਕਦਾ ਹੈ। ਗਰਭਪਾਤ ਜਿਹੋ ਜਿਹਾ ਮਰਜ਼ੀ ਹੋਵੇ ਹਮੇਸ਼ਾਂ ਦੁਖਦਾਈ ਅਤੇ ਮਾਂ-ਬੱਚੇ ਲਈ ਘਾਤਕ ਵੀ ਹੁੰਦਾ ਹੈ। ਕਦੀ ਕਦੀ ਤਾਂ ਗਰਭਪਾਤ ਮਾਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਔਰਤ ਰੋਗਾਂ ਦੇ ਮਾਹਰਾਂ ਮੁਤਾਬਕ ਹਰੇਕ ਪੰਜ ਗਰਭਾਂ ਚੋਂ ਇਕ ਦਾ ਸਹੀ ਜਣੇਪਾ ਨਹੀਂ ਹੁੰਦਾ ਹੈ। ਗਰਭਪਾਤ ਦੀਆਂ ਵੱਧ ਉੱਲਝਣਾ (ਕੰਪਲੀਕੇਸ਼ਨਜ਼) ਦੂਜੇ ਤੋਂ ਚੌਥੇ ਮਹੀਨੇ ਵਿਚਕਾਰ ਦੀਆਂ ਹਨ। ਇਸ ਸਮੇਂ ਭਰੂਣ ਬੱਚੇਦਾਨੀ ਚ ਮਜ਼ਬੂਤੀ ਨਾਲ ਸਥਾਪਤ ਨਹੀਂ ਹੋ ਸਕਦਾ। ਗਰਭ ਧਾਰਨ ਦੇ ਸ਼ੁਰੂ ਦੇ ਦੋ ਮਹੀਨਿਆਂ ਦੌਰਾਨ ਹੋਣ ਵਾਲੇ ਗਰਭਪਾਤ ਦੇ ਮੁਕਾਬਲੇ ਚੌਥੇ ਤੋਂ ਛੇਵੇਂ ਮਹੀਨਿਆਂ ਦਰਮਿਆਨ ਹੋਣ ਵਾਲੇ ਗਰਭਪਾਤਾਂ ਚ ਖਤਰਾ ਮਾਂ ਨੂੰ ਵੱਧ ਹੁੰਦਾ ਹੈ। ਅਨੇਕਾਂ ਵਾਰ ਸੈਪਟੀਸੀਮੀਆਂ, ਟੌਕਸੀਮੀਆਂ ਜਾਂ ਇਕਿਊਟ ਇਕਲੈਂਪਸੀਆ ਦੇ ਕਾਰਨ ਗਰਭਵਤੀ ਔਰਤ ਦੀ ਮੌਤ ਵੀ ਹੋ ਸਕਦੀ ਹੈ।

ਗਰਭਪਾਤ ਤੋਂ ਪਹਿਲਾਂ ਅੰਦਾਜ਼ਾ ਲਾਉਣ ਵਾਲੇ ਲੱਛਣ:-

ਜਦ ਗਰਭ ਸਮੇਂ ਤੋਂ ਪਹਿਲਾਂ (ਸੱਤਵੇਂ ਮਹੀਨੇ ਜਾਂ ਅਠਾਈ ਹਫਤੇ) ਬਾਹਰ ਆਉਣ ਦੀ ਤਿਆਰੀ ‘ਚ ਹੋਵੇ ਤਾਂ ਅਚਾਨਕ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ, ਸਾਰੇ ਸ਼ਰੀਰ ‘ਚ ਦਰਦ ਤੇ ਕਮਰ ਦਰਦ ਮਹਿਸੂਸ ਹੁੰਦਾ ਹੈ। ਔਰਤ ਖੁਦ ਬੇਹੱਦ ਕਮਜ਼ੋਰੀ ਮਹਿਸੂਸ ਕਰਦੀ ਹੈ ਅਤੇ ਸਰੀਰ ‘ਚ ਢਿੱਲਾਪਨ, ਸੁਸਤੀ, ਕੰਮ ‘ਚ ਮਨ ਨਾ ਲੱਗਣਾ ਅਤੇ ਆਲਸ ਆਉਣਾ ਲੱਗਦਾ ਹੈ। ਸਰੀਰ ਨਿਢਾਲ ਹੋ ਜਾਂਦਾ ਹੈ। ਉਸ ਨੂੰ ਕੁਝ ਵੀ ਅੱਛਾ ਨਹੀਂ ਲੱਗਦਾ। ਕਮਰ ਪੇਡੂ ਤੇ ਜਾਂਘਾਂ ‘ਚ ਦਰਦ ਵਧਣ ਦੇ ਨਾਲ ਹੀ ਯੌਨੀ ਦੇ ਰਸਤੇ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਕਦੀ ਕਦੀ ਪੇਟ, ਪੇਡੂ ਤੇ ਯੌਨੀ ਚ ਤੇਜ਼ ਦਰਦ ਹੋ ਕੇ ਉਲਟੀਆਂ ਵੀ ਹੋਣ ਲੱਗਦੀਆਂ ਹਨ। ਦਰਦ ਸ਼ੁਰੂ ਹੋਣ ਦੇ ਕੁਝ ਸਮੇਂ ਪਿੱਛੋਂ ਖ਼ੂਨ ਵਗਣ ਤੇ ਰੋਗੀ ਨੂੰ ਪੂਰਾ ਆਰਾਮ ਕਰਾਉਣਾ ਚਾਹੀਦਾ ਹੈ। ਉਸ ਦੇ ਮੰਜੇ ਦੀ ਪੈਰਾਂ ਵਾਲੀ ਸਾਈਡ ਦਾ ਹਿੱਸਾ ਥੋੜ੍ਹਾ ਉੱਪਰ ਚੁੱਕ ਦਿਓ। ਕਈ ਵਾਰ ਸਿਰਫ ਆਰਾਮ ਕਰਨ ਨਾਲ ਹੀ ਸੰਭਾਵਤ ਗਰਭਪਾਤ ਹੁੰਦੇ ਹੁੰਦੇ ਰੁਕ ਜਾਂਦਾ ਹੈ। ਇਹ ਗਰਭਪਾਤ ਘਾਤਕ ਕਿਸਮ ਦਾ ਨਹੀਂ ਹੁੰਦਾ ਹੈ। ਇਸ ਨੂੰ ਡਰਾਉਣ ਵਾਲਾ ਗਰਭਪਾਤ ਕਹਿੰਦੇ ਹਨ (ਥਰੇਟਨਿੰਗ ਅਬੌਾਰਸ਼ਨ) ਇਸ ਵਿੱਚ ਪੇਡੂ ‘ਚ ਦਰਦ ਤੇ ਯੌਨੀ ਚੋਂ ਖੂਨ ਵਗਦਾ ਹੈ, ਪਰ ਬੱਚੇਦਾਨੀ ਦਾ ਮੂੰਹ ਬੰਦ ਰਹਿੰਦਾ ਹੈ।

ਗਰਭਪਾਤ ਦੇ ਲੱਛਣ;- ਕਾਰਨ ਜੋ ਮਰਜ਼ੀ ਹੋਵੇ ਇਸ ਦੇ ਲੱਛਣ ਹੇਠ ਲਿਖੇ ਹੋ ਸਕਦੇ ਹਨ।

(1) ਯੌਨੀ ਰਸਤਿਉਂ ਖ਼ੂਨ ਵਗਣਾ: ਇਹ ਗਰਭਪਾਤ ਮੌਕੇ ਪਾਇਆ ਜਾਣ ਵਾਲਾ ਪਹਿਲਾ ਲੱਛਣ ਹੈ। ਖ਼ੂਨ ਥੋੜ੍ਹੀ ਮਾਤਰਾ ਚ ਵਗਣਾ ਸ਼ੁਰੂ ਹੋ ਕੇ ਉਦੋਂ ਤੱਕ ਵਧਦਾ ਹੀ ਜਾਂਦਾ ਹੈ ਜਦੋਂ ਤੱਕ ਬੱਚੇਦਾਨੀ ਅੰਦਰਲਾ ਪਦਾਰਥ ਪੂਰੀ ਤਰ੍ਹਾ ਬਾਹਰ ਨਾ ਆ ਜਾਵੇ। ਗਰਭ, ਔਲ, ਡੈਸੀਡੂਆ, ਗਰਭ ਦਾ ਤਰਲ ਆਦਿ ਸਾਰੇ ਪਦਾਰਥਾਂ ਦੇ ਬਾਹਰ ਨਿਕਲ ਜਾਣ ਪਿੱਛੋਂ ਖੂਨ ਦਾ ਨਿਕਲਣਾ ਕੁੱਝ ਸਮੇਂ ਬਾਅਦ ਆਪਣੇ ਆਪ ਬੰਦ ਹੋ ਜਾਂਦਾ ਹੈ। ਜੇ ਬੱਚੇਦਾਨੀ ਚ ਇਨ੍ਹਾਂ ਪਦਾਰਥਾਂ ਦੀ ਥੋੜ੍ਹੀ ਬਹੁਤ ਰਹਿੰਦ ਖੂੰਹਦ ਵੀ ਰਹਿ ਜਾਵੇ ਤਾਂ ਖ਼ੂਨ ਦਾ ਵਗਣਾ ਲਗਾਤਾਰ ਰੁਕ ਰੁਕ ਕੇ ਜਾਰੀ ਰਹਿੰਦਾ ਹੈ। ਇਹ ਬੱਚੇਦਾਨੀ ਦੀ ਸਫਾਈ ਕਰਕੇ ਉਸ ਰਹਿੰਦ ਖੂੰਹਦ ਨੂੰ ਬਾਹਰ ਕੱਢਣ ਨਾਲ ਹੀ ਬੰਦ ਹੁੰਦਾ ਹੈ।

(2) ਦਰਦ:- ਖ਼ੂਨ ਪੈਣ ਦੇ ਨਾਲ ਹੀ ਪੇਡੂ,ਕਮਰ ਤੇ ਯੌਨੀ ਚ ਦਰਦ ਸ਼ੁਰੂ ਹੋ ਜਾਂਦਾ ਹੈ। ਇਹ ਦਰਦ ਕੁਝ ਸਮਾਂ ਰੁਕ ਰੁਕ ਕੇ ਹੁੰਦਾ ਹੈ ਅਤੇ ਪਿੱਠ ਵੱਲੋਂ ਸ਼ੁਰੂ ਹੋ ਕੇ ਅੱਗੇ ਵੱਲ ਵਧਦਾ ਹੈ। ਦਰਦ ਪਹਿਲਾਂ ਹਲਕਾ ਪਿੱਛੋਂ ਤੇਜ਼ ਹੁੰਦਾ ਜਾਂਦਾ ਹੈ। ਜਦੋਂ ਤਕ ਗਰਭ ਪੂਰੀ ਤਰ੍ਹਾਂ ਬਾਹਰ ਨਿਕਲ ਨਹੀਂ ਜਾਂਦਾ, ਦਰਦ ਜਾਰੀ ਰਹਿੰਦਾ ਹੈ।

(3) ਬੱਚੇਦਾਨੀ ਦਾ ਮੂੰਹ ਖੁੱਲ੍ਹ ਜਾਣਾ:- ਜਿਵੇਂ ਜਿਵੇਂ ਦਰਦ ਵਧਦਾ ਹੈ ਬੱਚੇਦਾਨੀ ਦਾ ਮੂੰਹ ਖੁੱਲ੍ਹਦਾ ਜਾਂਦਾ ਹੈ। ਕੁਦਰਤੀ ਜਣੇਪੇ ਵਾਂਗ ਹੀ ਬੱਚੇਦਾਨੀ ਅੰਦਰਲੇ ਪਦਾਰਥਾਂ ਦੇ ਬਾਹਰ ਨਿਕਲਣ ਨਾਲ ਹੀ ਮੂੰਹ ਬੰਦ ਹੋ ਜਾਂਦਾ ਹੈ।

(4) ਬੱਚੇਦਾਨੀ ਅੰਦਰਲੇ ਪਦਾਰਥਾਂ ਦਾ ਬਾਹਰ ਨਿਕਲਣਾ:

ਜੇ ਬੱਚੇਦਾਨੀ ਅੰਦਰਲੇ ਪਦਾਰਥਾਂ (ਭਰੂਣ, ਔਲ, ਡੈਸੀਡੂਆ ਆਦਿ ਬਾਹਰ ਨਿਕਲਣ ਲੱਗ ਜਾਵੇ ਤੇ ਉਸ ਦੇ ਬਾਹਰ ਆਉਣ ‘ਚ ਨਿਰੰਤਰ ਵਾਧਾ ਹੋਵੇ ਤਾਂ ਸਮਝੋ ਗਰਭਪਾਤ ਨਹੀਂ ਰੁਕ ਸਕੇਗਾ, ਗਰਭਪਾਤ ਹੋ ਕੇ ਰਹਿੰਦਾ ਹੈ ਇਸ ਨੂੰ ਇਨਏਵੀਟੇਬਲ ਅਬਾਰਸ਼ਨ ਸਮਝਿਆ ਜਾਂਦਾ ਹੈ। ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਵਿਅਰਥ ਹੁੰਦੀ ਹੈ। ਬਲਕਿ ਇਹ ਕੋਸ਼ਿਸ਼ ਕਰਨੀ ਹੀ ਸਹੀ ਹੈ ਕਿ ਬੱਚੇਦਾਨੀ ਅੰਦਰਲਾ ਸਾਰਾ ਪਦਾਰਥ ਬਾਹਰ ਆ ਜਾਵੇ ਅਤੇ ਥੋੜ੍ਹਾ ਬਹੁਤਾ ਅੰਸ਼ ਵੀ ਅੰਦਰ ਨਾ ਰਹੇ।  ਜੇ ਰਹਿੰਦ ਖੂੰਹਦ ਅੰਦਰ ਰਹੇਗੀ ਤਾਂ ਖੂਨ ਦਾ ਵਗਣਾ ਜਾਰੀ ਰਹੇਗਾ ਜੋ ਔਰਤ ਲਈ ਘਾਤਕ ਹੋ ਸਕਦਾ ਹੈ।

ਗਰਭਪਾਤ ਦੀਆਂ ਵੱਖੋ ਵੱਖ ਕਿਸਮਾਂ:-

ਵੈਸੇ ਤਾਂ ਭਰੂਣ ਜਾਂ ਐਪਰਪੱਕ (ਅਧੂਰੇ) ਸ਼ਿਸ਼ੂ ਜਾਂ ਸਮੇਂ ਤੋਂ ਪਹਿਲਾਂ ਹੀ ਸ਼ਿਸ਼ੂ ਦਾ ਜਨਮ ਆਪਣੇ ਆਪ ‘ਚ ਇੱਕ ਹੀ ਕਿਸਮ ਦਾ ਹੁੰਦਾ ਹੈ ਪਰ ਪੜਾਅ, ਕਿਸਮ ਤੇ ਸਮੇਂ ਆਦਿ ਦੇ ਕਾਰਨਾਂ ਕਰਕੇ ਗਰਭਪਾਤ ਹੇਠ ਲਿਖੇ ਪ੍ਕਾਰ ਦੇ ਹੁੰਦੇ ਹਨ:

(1) ਸੰਭਾਵਿਤ ਗਰਭਪਾਤ: ਇਸ ਕਿਸਮ ਦੇ ਗਰਭਪਾਤ ਦੇ ਲੱਛਣ ਏਨੇ ਤੇਜ ਨਹੀਂ ਹੁੰਦੇ ਹਨ। ਪੇਟ ਅਤੇ ਪੇਡੂ ‘ਚ ਹਲਕੀ ਹਲਕੀ ਦਰਦ ਤੇ ਥੋੜ੍ਹਾ ਖ਼ੂਨ ਪੈਂਦਾ ਹੈ। ਸਮੇਂ ਸਿਰ ਇਲਾਜ ਨਾਲ ਇਸ ਗਰਭ ਨੂੰ ਬਚਾਇਆ ਜਾ ਸਕਦਾ ਹੈ।

(2) ਲਾਜ਼ਮੀ ਗਰਭਪਾਤ:  ਜਦ ਦਰਦ ਤੇ ਖੂਨ ਪੈਣ ਨੂੰ ਕਿਸੇ ਵੀ ਢੰਗ ਨਾਲ ਰੋਕਿਆ ਨਾ ਜਾ ਸਕੇ ਤਾਂ ਇਸ ਤਰ੍ਹਾਂ ਦੇ ਗਰਭਪਾਤ ਨੂੰ ਲਾਜ਼ਮੀ ਗਰਭਪਾਤ (ਨਾ ਟਾਲਿਆ ਜਾ ਸਕਣ ਵਾਲਾ) ਗਰਭਪਾਤ ਕਿਹਾ ਜਾਂਦਾ ਹੈ। ਇਸ ‘ਚ ਖੂਨ ਪੈਣ ਦੇ ਦੌਰਾਨ ਮ੍ਰਿਤਕ ਭਰੂਣ ਬਾਹਰ ਆ ਜਾਂਦਾ ਹੈ।

(3) ਪੂਰਨ ਗਰਭਪਾਤ:  ਜਦ ਗਰਭ ਧਾਰਕਲਾ (ਪਲਸੇਂਟਾ + ਭਰੂਣ) ਤੇ ਐਮਨਿਓਨ ਸਮੇਤ ਗਰਭ ਪੂਰੀ ਤਰ੍ਹਾਂ ਬਾਹਰ ਨਿਕਲ ਜਾਂਦਾ ਹੈ, ਉਦੋਂ ਦਰਦ ਤੇ ਖੂਨ ਪੈਣਾ ਘਟਦਾ ਹੈ। ਬੱਚੇਦਾਨੀ ਮੁਕਾਬਲਤਨ ਛੋਟੀ ਅਤੇ ਉਸ ਦਾ ਮੂੰਹ ਖੁੱਲ੍ਹਾ ਹੁੰਦਾ ਹੈ। ਇਸ ਤਰ੍ਹਾਂ ਦਾ ਅਮਲ ਗਰਭ ਠਹਿਰਨ ਦੇ ਸ਼ੁਰੂਆਤੀ ਦਸ ਹਫ਼ਤਿਆਂ ਦੇ ਅੰਦਰ ਅੰਦਰ ਹੁੰਦਾ ਹੈ।

(4) ਅਧੂਰਾ ਗਰਭਪਾਤ: ਦਰਦ ਤੇ ਖੂਨ ਆਦਿ ਨਿਕਲਣ ਦੇ ਸਮੇਂ ਭਰੂਣ ਦਾ ਕੁਝ ਹਿੱਸਾ ਔਲ ਤੇ ਤਰਲ (ਐਮਨਿਓਨ) ਜਾਂ ਮੈਮਬਰੇਨ ਆਦਿ ਬੱਚੇਦਾਨੀ ਦੇ ਜਦੋਂ ਅੰਦਰ ਹੀ ਰਹਿ ਜਾਂਦੇ ਹਨ ਤਾਂ ਇਸ ਨੂੰ ਅਧੂਰਾ ਗਰਭਪਾਤ ਕਹਿੰਦੇ ਹਨ। ਅਜਿਹਾ ਗਰਭਪਾਤ ਦੇ ਦਸਵੇਂ ਤੋਂ ਅਠਾਈ ਵੇਂ ਹਫ਼ਤੇ ਦੇ ਵਿਚਕਾਰ ਹੁੰਦਾ ਹੈ। ਦਰਦ ਗਰਭ ਦੇ ਨਿਕਲਣ ਪਿੱਛੋਂ ਸ਼ਾਂਤ ਹੋ ਜਾਂਦਾ ਹੈ, ਪਰ ਖ਼ੂਨ ਪੈਣਾ ਜਾਰੀ ਰਹਿੰਦਾ ਹੈ। ਪਹਿਲਾਂ ਇਸ ਖੂਨ ਦਾ ਰੰਗ ਲਾਲ ਹੁੰਦਾ ਹੈ ਪਰ ਪਿੱਛੋਂ ਕਾਲਾ ਹੋ ਜਾਂਦਾ ਹੈ।  ਬੱਚੇਦਾਨੀ ਸਾਈਜ਼ ਚ ਵੱਡੀ ਹੋ ਜਾਂਦੀ ਹੈ ਪਰ ਸਰਵਿਕਸ ਦਾ ਮੂੰਹ ਖੁੱਲ੍ਹਾ ਹੁੰਦਾ ਹੈ।

(5) ਮਿਸਡ ਅਬਾਰਸ਼ਨ:  ਇਹ ਪੜਾਅ ਅਜਿਹਾ ਹੈ ਜਿਸ ‘ਚ ਗਰਭਪਾਤ ਦੇ ਲੱਛਣ ਤਾਂ ਪ੍ਗਟ ਹੁੰਦੇ ਹਨ ਪਰ ਬਿਨਾਂ ਕੁੱਝ ਬਾਹਰ ਨਿਕਲੇ ਹੀ ਸ਼ਾਂਤ ਹੋ ਜਾਂਦੇ ਹਨ। ਇਸ ਪਿੱਛੇ  ਇੱਕ ਦੋ ਵਾਰੀ ਜਾਂ ਅੰਤ ਵਿਚ ਜਾ ਕੇ ਕੁਝ ਹਫ਼ਤੇ ਜਾਂ ਕੁਝ ਮਹੀਨੇ ਪਿੱਛੋਂ ਬੱਚੇਦਾਨੀ ‘ਚ ਪਏ ਪਦਾਰਥ ਇਸ ਰੂਪ ‘ਚ ਬਾਹਰ ਨਿਕਲਦੇ ਹਨ ਅਤੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਗਰਭਪਾਤ ਦੇ ਲੱਛਣ ਨਜ਼ਰ ਤਾਂ ਆਏ ਸਨ, ਉਸ ਸਮੇਂ ਭਰੂਣ ਦੀ ਬੱਚੇਦਾਨੀ ‘ਚ ਮੌਤ ਹੋ ਚੁੱਕੀ ਸੀ। ਕਦੀ ਕਦੀ ਗਰਭ ਅਵਸਥਾ ਦਾ ਕੋਈ ਵੀ ਲੱਛਣ ਦਿਖਾਈ ਨਹੀਂ ਦਿੰਦਾ ਹੈ ਫਿਰ ਵੀ ਗਰਭ ਠਹਿਰ ਜਾਂਦਾ ਹੈ ਅਤੇ ਬੱਚੇਦਾਨੀ ‘ਚ ਭਰੂਣ ਦੀ ਮੌਤ ਹੋ ਜਾਂਦੀ ਹੈ ਕੁਝ ਦਿਨਾਂ ਪਿੱਛੋਂ ਮਿ੍ਤਕ ਭਰੂਣ ਬਾਹਰ ਆਉਂਦਾ ਹੈ। ਇਸ ਨੂੰ ਵੀ ਮਿਸਡ ਅਬਾਰਸ਼ਨ ਕਹਿੰਦੇ ਹਨ।  ਬੱਚੇਦਾਨੀ ਮੁਕਾਬਲਤਨ ਵੱਧ ਛੋਟੀ ਤੇ ਕਠੋਰ ਹੁੰਦੀ ਹੈ ਤੇ ਯੌਨੀ ਚੋਂ  ਭੂਰੇ ਰੰਗ ਦਾ ਤਰਲ ਨਿਕਲਦਾ ਹੈ। ਬੱਚੇਦਾਨੀ ਦਾ ਮੂੰਹ ਬੰਦ ਰਹਿੰਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਔਰਤਾਂ ਆਪਣੇ ਗਰਭ ਨੂੰ ਜਿਊਂਦਾ ਸਮਝਦੀਆਂ ਹਨ ਤੇ ਗਰਭ ਦੇ ਲੱਛਣ ਤੇ ਚਿੰਨ੍ਹ ਵੀ ਮਿਲਦੇ ਹਨ। ਮਿਸਡ ਅਬਾਰਸ਼ਨ ‘ਚ ਕਦੀ ਕਦੀ ਟੌਕਸੀਮੀਆਂ ਦੀ ਸਥਿਤੀ ਵੀ ਨਜ਼ਰ ਆਉਂਦੀ ਹੈ।

(6) ਟਿਉੂਬਲ ਅਬਾਰਸ਼ਨ: ਇਸ ਪ੍ਰਕਾਰ ਦੇ ਗਰਭਪਾਤ ‘ਚ ਗਰਭ ਡਿੰਬ ਵਾਹਿਨੀ ਨਲਿਕਾ (ਫੈਲੋਪੀਅਨ ਟਿਊਬ) ਵਿਚ ਗਰਭ ਠਹਿਰੇ ਹੁੰਦਾ ਹੈ ਪਰ ਉਥੇ ਗਰਭ ਦੇ ਵਿਕਾਸ ਹਿਤ ਯੋਗ ਥਾਂ ਤੇ ਅਨੁਕੂਲ ਵਾਤਾਵਰਨ ਨਹੀਂ ਹੁੰਦਾ। ਇਸ ਲਈ ਗਰਭਪਾਤ ਹੋ ਜਾਂਦਾ ਹੈ।

(7) ਸੈਪਟਿਕ ਅਬਾਰਸ਼ਨ: ਇਨਫੈਕਸ਼ਨ ਕਾਰਨ ਬੁਖਾਰ ਹੋ ਕੇ ਗਰਭਪਾਤ ਹੋ ਸਕਦਾ ਹੈ।

(8) ਥੈਰਾਪਿਉੂਟਿਕ ਅਬਾਰਸ਼ਨ:  ਜੇ ਮਾਂ ਦਾ ਜੀਵਨ ਖਤਰੇ ‘ਚ ਹੋਵੇ ਤੇ ਗਰਭਪਾਤ ਕਰਨਾ ਹੀ ਇੱਕੋ ਇੱਕ ਹੱਲ ਹੋਵੇ ਤਾਂ ਮਾਂ ਨੂੰ ਬਚਾਉਣ ਲਈ ਜਾਣ ਬੁੱਝ ਕੇ ਕਰਵਾਏ ਗਰਭਪਾਤ ਨੂੰ ਥੈਰਾਪਿਉੂਸਟਿਕ ਅਬਾਰਸ਼ਨ ਕਿਹਾ ਜਾਂਦਾ ਹੈ।

(9) ਕ੍ਰਿਮੀਨਲ ਅਬਾਰਸ਼ਨ: ਅਪਰਾਧ ਕਰਨ ਦੇ ਮਕਸਦ ਨਾਲ ਨਜਾਇਜ਼ ਗਰਭ ਠਹਿਰ ਜਾਣ ਦੀ ਹਾਲਤ ‘ਚ ਕੁਆਰੀ ਕੰਨਿਆਂ ਜਾਂ ਵਿਧਵਾ ਜਾਂ ਬਲਾਤਕਾਰ ਆਦਿ ਕਾਰਨਾਂ ਕਰਕੇ ਜ਼ਬਰਦਸਤੀ ਕੀਤੇ ਗਰਭਪਾਤ ਨੂੰ ਕ੍ਰਿਮੀਨਲ ਅਬਾਰਸ਼ਨ ਕਿਹਾ ਜਾਂਦਾ ਹੈ। ਕਾਨੂੰਨੀ ਅਬਾਰਸ਼ਨ ਨੂੰ ਲੀਗਲ ਅਬਾਰਸ਼ਨ ਕਹਿੰਦੇ ਹਨ। ਅੱਜ ਕੱਲ੍ਹ ਲਿੰਗ ਦੀ ਇਸ ਅਸਧਾਰਨ ਜਾਂਚ ਪਿੱਛੋਂ ਗਰਭ ‘ਚ ਕੰਨਿਆਂ ਹੋਣ ਦੀ ਹਾਲਤ ‘ਚ ਚੋਰੀ ਛਿਪੇ ਗਰਭਪਾਤ ਕਰਾਏ ਜਾ ਰਹੇ ਹਨ। ਇਨ੍ਹਾਂ ਨੂੰ ਵੀ ਕ੍ਰਿਮੀਨਲ ਅਬਾਰਸ਼ਨ ਮੰਨਿਆ ਜਾਂਦਾ ਹੈ। ਇਹ ਸਰਾਸਰ ਪਾਪ ਹੈ, ਅਨਿਆਂ ਹੈ, ਅਨੈਤਿਕ ਕੰਮ ਹੈ ਅਤੇ ਜੀਵ ਹੱਤਿਆ ਹੈ। ਅਣਚਾਹੇ ਗਰਭ ਤੋਂ ਬਚਣ ਦੇ ਅਨੇਕਾਂ ਢੰਗ ਹਨ। ਉਨ੍ਹਾਂ ਨੂੰ ਅਪਣਾ ਕੇ ਵੱਧ ਔਲਾਦ ਪੈਦਾ ਕਰਨ ਤੋਂ ਬਚਣਾ ਹੀ ਸਿਆਣਪ ਹੈ। ਲੜਕਾ ਤੇ ਲੜਕੀ ਦੋਹਾਂ ‘ਚ ਕੋਈ ਫਰਕ ਨਹੀਂ ਹੈ। ਸਾਡੀ ਮਾਨਸਿਕਤਾ ਸੋਚ, ਵਿਚਾਰਧਾਰਾ ਅਤੇ ਮਾਨਸਿਕਤਾ ਨੂੰ ਨਵੀਂ ਸ਼ਤਾਬਦੀ ਦੀ ਸੋਚ ਅਨੁਸਾਰ ਹੀ ਬਦਲਣਾ ਪੈਂਣਾ ਹੈ। ਗਰਭਪਾਤ ਜਿਹੋ ਜਿਹਾ ਵੀ ਹੋਵੇ ਸਭ ‘ਚ ਖ਼ਤਰਾ, ਨੁਕਸਾਨ ਤੇ ਮਾੜਾ ਅਸਰ ਔਰਤ ਨੂੰ ਹੀ ਝੱਲਣਾ ਪੈਂਦਾ ਹੈ। ਇਸ ਕਰਕੇ ਇਸ ‘ਚ ਔਰਤਾਂ ਦੀ ਭੂਮਿਕਾ ਦੀ ਮਾਨਤਾ ਦਾ ਮਹੱਤਵ ਵੱਧ ਹੈ।  ਜਾਣ ਬੁੱਝ ਕੇ ਖ਼ਤਰਾ ਮੁੱਲ ਲੈਣਾ ਕਿਸੇ ਵੀ ਨਜ਼ਰੀਏ ਤੋਂ ਜਾਇਜ਼ ਨਹੀਂ ਹੈ। ਬੱਚੇਦਾਨੀ ਦੇ ਅੰਦਰ ਦੀ ਮੋਟੀ, ਚਿਕਨੀ ,ਮਖਮਲ ਵਰਗੀ ਪਰਤ ਜਾਂ ਤਹਿ ਨਾਲ ਭਰੂਣ ਬਲਾਸਟੋਸਿਸ ਵਜੋਂ ਚਿੱਪਕ ਕੇ ਉੱਪਰੋਂ ਇੱਕ ਝਿੱਲੀ ਬਣਾ ਲੈਂਦਾ ਹੈ। ਇਸ ਚਿੱਲੀ ‘ਚ ਇਕ ਤਰਲ ਭਰਿਆ ਹੁੰਦਾ ਹੈ। ਇਸ ਨੂੰ ਐਮਨਿਓਟਿਕ ਫਲਿਊਡ ਕਹਿੰਦੇ ਹਨ। ਇਸ ਤਰਲ ਚ ਬਾਹਰੀ ਸੱਟਾਂ ਤੋਂ ਸੁਰਖਿਅਤ ਸ਼ਿਸ਼ੂ ਬੱਚੇਦਾਨੀ ਅੰਦਰ ਤੈਰਦਾ ਰਹਿੰਦਾ ਹੈ। ਇਸ ਤਰਲ ਦੇ ਕਾਰਨ ਹੀ ਗਰਭਵਤੀ ਔਰਤ ਦਾ ਪੇਟ ਫੁਲਿਆ ਰਹਿੰਦਾ ਹੈ। ਉਸ ਦੀ ਸੁਰੱਖਿਆ ਅਤੇ ਵਿਵਸਥਾ ਹਿੱਤ ਬਲਾਸਟੋਸਿਸ ਕੁਝ ਹਾਰਮੋਨ ਪੈਦਾ ਕਰਦਾ ਹੈ ਜੋ ਡਿੰਬ ਗ੍ਰੰਥੀਆਂ (ਉਵਰੀਜ਼) ਨੂੰ ਡਿੰਬ ਨੂੰ ਬਾਹਰ ਨਾ ਆਉਣ ਦੇਣ  ਤੇ ਪਿਚੂਟਰੀ ਗ੍ਰੰਥੀ ਨੂੰ ਮਾਹਵਾਰੀ ਬੰਦ ਕਰਨ ਲਈ ਸੰਦੇਸ਼ ਦਿੰਦੇ ਹਨ। ਗਰਭ ਧਾਰਨ ਕਰਨਾ ਔਰਤ ਸ਼ਰੀਰ ਦਾ ਕੁਦਰਤੀ ਅਮਲ ਹੁੰਦਾ ਹੈ। ਫਿਰ ਵੀ ਭਰੂਣ ਆਪਣੀ ਹੋਂਦ ਨੂੰ ਸੁਰੱਖਿਅਤ ਰੱਖਣ ਤੇ ਵਿਕਸਿਤ ਹੋਣ ਲਈ ਅਨੇਕਾਂ ਹਰਮੋਨ  ਪੈਦਾ ਕਰਦਾ ਹੈ, ਜੋ ਬੱਚੇਦਾਨੀ ਦੀ ਪ੍ਰਤੀਰੋਧਕ ਪ੍ਰਣਾਲੀ ਨੂੰ ਘੱਟ ਕਰਦੇ ਹਨ। ਇਹ ਪ੍ਰਤੀਕਿਰਿਆਵਾਂ ਕਾਰਨ ਸ਼ੁਰੂ ‘ਚ ਦੋ ਤਿੱਨ ਮਹੀਨਿਆਂ ਤਕ ਸੁਬਾਹ ਸੁਬਾਹ ਉਲਟੀਆਂ ਆਉਣੀਆਂ, ਜੀਅ ਕੱਚਾ ਹੋਣਾ, ਬੇਚੈਨੀ, ਭੁੱਖ, ਘੱਟ ਲੱਗਣੀ ਵਰਗੇ ਲੱਛਣ ਪੈਦਾ ਹੁੰਦੇ ਹਨ। ਜਦ ਬੱਚੇਦਾਨੀ ਭਰੂਣ ਲਈ ਅਨੁਕੂਲਤਾ ਦਾ ਵਾਤਾਵਰਨ ਤਿਆਰ ਕਰਕੇ ਉਸ ਨੂੰ ਅਪਣਾ ਲੈਂਦੀ ਹੈ ਤਾਂ ਉਦੋਂ ਇਹ ਲੱਛਣ ਵੀ ਦੂਰ ਹੋ ਜਾਂਦੇ ਹਨ। ਦੁਰਬਲ ਸਰੀਰ ਤੇ ਦੁਰਬਲ ਮਨ ਵਾਲੀਆਂ ਔਰਤਾਂ ਚ ਇਹ ਪ੍ਰਤੀਕਿਰਿਆ ਛੇ ਸੱਤ ਮਹੀਨੇ ਤੱਕ ਚੱਲ ਸਕਦੀ ਹੈ। ਅਜਿਹੀ ਹਾਲਤ ‘ਚ ਸ਼ਰੀਰ ਦੇ ਜ਼ਹਿਰੀਲੇ ਪਦਾਰਥ ਬੱਚੇਦਾਨੀ ਨੂੰ ਦੂਸ਼ਿਤ ਤੇ ਕਮਜ਼ੋਰ ਕਰ ਦਿੰਦੇ ਹਨ। ਉਨ੍ਹਾਂ ਜ਼ਹਿਰੀਲੇ ਪਦਾਰਥਾਂ ਕਾਰਨ ਦੂਸ਼ਿਤ ਹੋਈ ਬੱਚੇਦਾਨੀ ‘ਚ ਗਰਭ ਜ਼ਿਆਦਾ ਦੇਰ ਤਕ ਜੀਵਤ ਨਹੀਂ ਰਹਿ ਸਕਦਾ ਅਤੇ ਗਰਭਪਾਤ ਹੋ ਜਾਂਦਾ ਹੈ।  ਧਿਆਨ ਰਹੇ ਕੁਦਰਤ ਗਰਭ ਨੂੰ ਬੱਚੇਦਾਨੀ ਦੀ ਦੀਵਾਰ ਨਾਲ ਇੰਨੀ ਦਿ੍ੜਤਾਪੂਰਵਕ ਬੰਨ੍ਹ ਰੱਖਦੀ ਹੈ ਕਿ ਜ਼ਬਰਦਸਤੀ ਤੇ ਗੈਰਕਾਨੂੰਨੀ ਗਰਭਪਾਤ ਕਰਦੇ ਸਮੇਂ ਭਰੂਣ ਬਾਹਰ ਨਹੀਂ ਆਉਂਦਾ। ਅਨੇਕਾਂ ਵਾਰੀ ਗਰਭਵਤੀ ਦੀ ਜਾਨ ਹੀ ਖਤਰੇ ਵਿਚ ਪੈ ਜਾਂਦੀ ਹੈ।

ਗਰਭਪਾਤ ਤੋਂ ਬਚਣ ਦੇ ਉਪਾਅ:-

ਗਰਭਪਾਤ ਹੋਣ ਦੀ ਸੰਭਾਵਨਾ ਨੂੰ ਧਿਆਨ ‘ਚ ਰੱਖਦੇ ਹੋਇਆਂ ਗਰਭ ਠਹਿਰਨ ਤੋਂ ਪਹਿਲਾਂ ਹੀ ਉਪਾਅ ਸ਼ੁਰੂ ਕਰਕੇ ਸੁਰੱਖਿਆ ਕਰਨੀ ਚਾਹੀਦੀ ਹੈ। ਗਰਭ ਧਾਰਨ ਦੇ ਪਹਿਲੇ ਤਿੰਨ ਮਹੀਨੇ ਗਰਭਵਤੀ ਨੂੰ ਵੱਧ ਮਿਹਨਤ ਨਹੀਂ ਕਰਨੀ ਚਾਹੀਦੀ। ਗਰਭ ਜਾਂਚ ਦੇ ਬਹਾਨੇ ਵਾਰ ਵਾਰ ਐਕਸਰੇ ਤੇ ਸੋਨੋਗ੍ਰਾਫੀ ਬੇਲੋੜੀ ਹੁੰਦੀ ਹੈ। ਬੇਲੋੜੀ ਜਾਂਚ ਤੋਂ ਬਚੋ। ਲੋੜੀਂਦੀ ਜਾਂਚ ਕਿਸੇ ਔਰਤ ਰੋਗਾਂ ਦੇ ਮਾਹਰ ਡਾਕਟਰ ਤੋਂ ਹੀ ਕਰਾਓ। ਘੱਟ ਉਮਰ ਜਾਂ ਬੇਲੋੜੀ ਵੱਧ ਉਮਰ ਚ ਗਰਭ ਧਾਰਨ ਤੋਂ ਬਚੋ। ਗੰਭੀਰ ਰੋਗਾਂ ਦੀਆਂ ਸ਼ਿਕਾਰ ਅਤੇ ਅਨੀਮੀਆ ਆਦਿ ਤੋਂ ਪੀੜਤ ਔਰਤਾਂ ਗਰਭ ਧਾਰਨ ਨਾ ਕਰਨ। ਪੂਰਾ ਇਲਾਜ ਪਹਿਲਾਂ ਕਰਵਾਓ। ਭੋਜਨ ‘ਚ ਵਿਟਾਮਿਨ ਈ ਅਤੇ ਕੈਲਸ਼ੀਅਮ ਭਰਪੂਰ ਮਾਤਰਾ ‘ਚ ਲਓ। ਅੰਕਿ੍ਰਤ ਕਣਕ ਵਰਤੋਂ। ਵਾਰ ਵਾਰ ਗਰਭਪਾਤ ਹੋਵੇ ਤਾਂ ਮਹਾਂਵਾਰੀ ਬੰਦ ਹੋਣ ਤੋਂ ਤਿੰਨ ਦਿਨ ਪਹਿਲਾਂ ਤੇ ਤਿੰਨ ਦਿਨ ਪਿੱਛੋਂ ਆਰਾਮ ਕੀਤਾ ਜਾਵੇ। ਗਰਭ ਧਰਨ ਦੀ ਸੰਭਾਵਨਾ ਉਦੋਂ ਰਹਿੰਦੀ ਹੈ। ਗਰਭ ਕਾਲ ਦੌਰਾਨ ਅੱਗੇ ਝੁਕ ਕੇ ਕੰਮ ਨਾ ਕਰੋ। ਪੇਟ ਤੇ ਭਾਰ ਨਾ ਲੇਟੋ। ਕਮਰ ਸਿੱਧੀ ਰੱਖਦਿਆਂ ਗੋਡਿਆਂ ਭਾਰ ਮੁੜ੍ਹਕੇ ਹੀ ਕੋਈ ਚੀਜ਼ ਚੁੱਕੋ। ਵੱਧ ਭਾਰੀ ਚੀਜ਼ ਨਾ ਉਠਾਓ ਅਤੇ ਨਾ ਹੀ ਘਸੀਟੋ। ਪੌੜੀਆਂ ਉਤਰਨ ਚੜ੍ਹਨ ਦਾ ਕੰਮ ਘੱਟ ਕਰੋ। ਪੈਰਾਂ ਨੂੰ ਬਹੁਤਾ ਚਿਰ ਨਾ ਲਟਕਾਓ। ਹੇਠਾਂ ਕੋਈ ਸਟੀਲ ਵਗੈਰਾ ਰੱਖੋ। ਉੱਚੀ ਅੱਡੀ ਵਾਲੇ ਜੁੱਤੇ ਜਾਂ ਸੈਂਡਲ ਨਾ ਪਹਿਨੋ। ਜੇਕਰ ਵੱਧ ਡਰ ਹੋਵੇ ਤਾਂ ਪਹਿਲਾਂ ਹੀ ਇਲਾਜ ਸ਼ੁਰੂ ਕਰ ਦਿਓ। ਜੇ ਗਰਭਪਾਤ ਦਾ ਡਰ ਹੋਵੇ ਤਾਂ  ਪਹਿਲਾਂ ਹੀ ਇਲਾਜ ਸ਼ੁਰੂ ਕਰ ਦਿਓ। ਜੇ ਗਰਭ ਤੋਂ ਪਹਿਲਾਂ ਬੱਚੇਦਾਨੀ  ਕਿਸੇ ਪੈਲਵਿਕ ਰੋਗ ਜਾਂ ਸਿਫਲਸ ਆਦਿ ਤੋਂ ਪੀੜਤ ਹੋਵੇ ਤਾਂ ਉਸ ਦਾ ਹੱਲ ਪਹਿਲਾਂ ਕਰੋ। ਗਰਭਪਾਤ ਦੇ ਲੱਛਣ ਭਾਂਪਦਿਆਂ ਹੀ ਗਰਭਵਤੀ ਨੂੰ ਅਰਾਮ ਕਰਵਾਉ। ਪੈਰਾਂ ਵੱਲੋਂ ਮੰਜਾ ਉੱਚਾ ਕਰ ਦਿਓ। ਕਮਰ ਹੇਠਾਂ ਸਿਰਹਾਣਾ ਰੱਖੋ। ਪੇਟ ਤੇ ਯੋਨੀ ਮਾਰਗ ਰਾਹੀਂ ਜਾਂਚ ਕਰਕੇ ਗਰਭਪਾਤ ਦੀ ਕਿਸਮ ਤੈਅ ਕਰੋ। ਇਹ ਸੰਭਾਵਿਤ ਹੈ ਲਾਜ਼ਮੀ। ਇਹ ਬੱਚੇਦਾਨੀ ਦਾ ਮੂੰਹ ਖੁਲ੍ਹ ਕੇ ਗਰਭ ਦਾ ਕੁਝ ਹਿੱਸਾ ਬਾਹਰ ਨਿਕਲ ਗਿਆ ਹੋਵੇ  ਤਾਂ ਬੱਚੇਦਾਨੀ ਦੀ ਤੁਰੰਤ ਸਫਾਈ ਕਰਾਓ। ਜੇ ਵਿਸ਼ਵਾਸ ਪੱਕਾ ਹੋ ਜਾਵੇ ਕਿ ਭਰੂਣ ਦੀ ਮੌਤ ਹੋ ਚੁੱਕੀ ਹੈ ਤਾਂ ਤੁਰੰਤ ਸਫ਼ਾਈ ਕਰਵਾਓ ਤਾਂ ਕਿ ਇਨਫੈਕਸ਼ਨ ਨਾ ਹੋ ਸਕੇ। ਸੰਭਾਵਿਤ ਗਰਭਪਾਤ ਨੂੰ ਰੋਕਣ ਲਈ ਔਰਤ ਪੂਰਨ ਆਰਾਮ ਕਰੇ। ਉੱਠਣਾ ਬੈਠਣਾ, ਚੱਲਣਾ ਫਿਰਨਾ ਬੰਦ। ਮੂੰਗੀ ਦੀ ਦਾਲ, ਸਾਬੂਦਾਣਾ, ਚਾਵਲ, ਮੂੰਗ ਦੀ ਖਿਚੜੀ ਦਿੱਤੀ ਜਾਵੇ। ਲਾਜ਼ਮੀ ਗਰਭਪਾਤ ਕੁਦਰਤੀ ਆਪਣੇ ਆਪ ਹੀ ਪੂਰਾ ਹੋ ਜਾਂਦਾ ਹੈ। ਗਰਭਪਾਤ ਉਦੋਂ ਹੀ ਜ਼ਰੂਰੀ ਹੁੰਦਾ ਹੈ ਜਦੋਂ ਖ਼ੂਨ ਵੱਧ ਪੈ ਰਿਹਾ ਹੋਵੇ। ਜੇ ਭਰੂਣ ਬੱਚੇਦਾਨੀ ‘ਚ ਆ ਗਿਆ ਹੋਵੇ ਤੇ ਹਲਕਾ ਫੁਲਕਾ ਖੂਨ ਕਈ ਦਿਨਾਂ ਤੋਂ ਪੈਂਦਾ ਹੋਵੇ ਤਾਂ ਤੁਰੰਤ ਗਰਭਪਾਤ ਕਰਾਉਣਾ ਚਾਹੀਦਾ ਹੈ। ਅਨੀਮੀਆ ਤੇ ਇਨਫੈਕਸ਼ਨ ਦੀ ਹਾਲਤ ‘ਚ  ਗਰਭਪਾਤ ਲਾਜ਼ਮੀ ਹੋ ਜਾਂਦਾ ਹੈ। ਗਰਭ ਅਵਸਥਾ ‘ਚ ਪੁੰਗਰਿਆ ਹੋਇਆ ਅਨਾਜ, ਮੂੰਗ, ਮੋਠ, ਮਸਰ, ਛੋਲੇ, ਸੋਇਆਬੀਨ, ਤਿਲ, ਮੂੰਗਫਲੀ, ਕਿਸ਼ਮਿਸ਼,ਮਨੱਕਸਾਂ ਆਦਿ ਦਾ ਨਾਸ਼ਤਾ ਲਿਆ ਜਾ ਸਕਦਾ ਹੈ। ਫਲਾਂ ਚ ਕੇਲਾ, ਖੀਰਾ, ਕੱਕੜੀ, ਖਜੂਰ ,ਗਾਜਰ,  ਸੰਤਰੇ ਦਾ ਰਸ, ਮੌਸੰਮੀ, ਨਾਰੀਅਲ ਦਾ ਪਾਣੀ, ਵਰਤੇ ਜਾ ਸਕਦੇ ਹਨ। ਭੋਜਨ ‘ਚ ਪਾਲਕ, ਟਮਾਟਰ, ਪੁੰਗਰੀ ਕਣਕ ਦੇ ਆਟੇ ਦੀਆਂ ਰੋਟੀਆਂ, ਲੋਕੀ, ਪੇਠਾ, ਗਾਜਰ, ਟਮਾਟਰ ਦਾ ਸੂਪ ਵੀ ਦੇ ਸਕਦੇ ਹਾਂ। ਸਲਾਦ, ਦੁੱਧ, ਦਹੀਂ, ਲੱਸੀ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਗਰਭਪਾਤ ਜਿਹੋ ਜਿਹਾ ਮਰਜ਼ੀ ਹੋਵੇ ਉਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

*ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

9815629301

ਵੀਡੀਓ

ਹੋਰ
Have something to say? Post your comment
X