Hindi English Friday, 10 May 2024 🕑
BREAKING
ਪੰਜਾਬ 'ਚ ਨਾਮਜ਼ਦਗੀਆਂ ਦੇ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ ਪੰਜਾਬ ‘ਚ ਰਿਸ਼ਤੇ ਹੋਏ ਤਾਰ-ਤਾਰ, ਨੌਜਵਾਨ ਨੇ ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਬੈੱਡ ‘ਚ ਲੁਕੋਈ ਮੋਹਾਲੀ ਪੁਲਿਸ ਵੱਲੋਂ ਨਿਊ ਚੰਡੀਗੜ੍ਹ ਇਲਾਕੇ 'ਚ ਐਨਕਾਊਂਟਰ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ ਪੰਜਾਬ ‘ਚ ਸਕੂਲ ਪੜ੍ਹਾਉਣ ਜਾ ਰਹੇ ਅਧਿਆਪਕ ਦੀ ਹੱਤਿਆ ਕੀ ਲਕੋਰੀਆ ਬੱਚੇਦਾਨੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ ? ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦੇ ਸਿੰਡੀਕੇਟ ਖ਼ਿਲਾਫ਼ ਵੱਡੀ ਕਾਰਵਾਈ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਹਰਦੀਪ ਸਿੰਘ ਬੁਟਰੇਲਾ “ਆਪ” ‘ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਰਤਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨਿਕਲਿਆ,ਪਰਚਾ ਦਰਜ Air India Express ਵੱਲੋਂ ਚਾਲਕ ਦਲ ਦੇ 25 ਮੈਂਬਰ ਬਰਖਾਸਤ ਸੰਗਰੂਰ ਜ਼ਿਲ੍ਹੇ ‘ਚ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀ ਕੇ 18 ਮੱਝਾਂ ਮਰੀਆਂ, 14 ਦੀ ਹਾਲਤ ਨਾਜ਼ੁਕ

ਲੇਖ

More News

ਸਿੱਖਿਆ ਦੇ ਬੁਨਿਆਦੀ ਢਾਂਚੇ 'ਚ ਸੁਧਾਰਾਂ ਦੀ ਲੋੜ

Updated on Thursday, June 15, 2023 09:52 AM IST

ਕਿਸੇ ਵੀ ਸਮਾਜ ਦੇ ਵਿਕਾਸ ਤੇ ਉਭਰ ਕੇ ਅਗਾਂਹ ਆਉਣ ਵਿੱਚ ਸਿੱਖਿਆ ਦਾ ਸਭ ਤੋਂ ਅਹਿਮ ਯੋਗਦਾਨ ਹੁੰਦਾ ਹੈ।ਇਹ ਸਿੱੱਖਿਆ ਹੀ ਸੀ,ਜਿਸ ਨੇ ਜੰਗਲ ਵਿੱਚ ਘੁੰਮਦੇ ਆਦਿ ਮਾਨਵ ਨੂੰ ਬੇਹੱਦ ਸੱਭਿਅਕ ਮਨੁੱਖ ਬਣਾਇਆ ਹੈ।ਮਨੁੱਖ ਦੀ ਮੁੱਢਲੀ ਪੈਦਾਇਸ਼ ਭਾਵੇਂ ਅਫਰੀਕਾ ਵਿੱਚ ਮੰਨੀ ਜਾਂਦੀ ਹੈ ਪਰ ਮਨੁੱਖ ਦੇ ਹਾਲਾਤ ਬਦਲਣ ਵਿੱਚ ਅਹਿਮ ਭੂਮਿਕਾ ਯੂਰਪ ਵੱਲੋਂ ਨਿਭਾਈ ਦੱਸੀ ਜਾਂਦੀ ਹੈ।ਇਹ ਹਾਲਾਤ ਬਦਲਣ ਵਿੱਚ ਤਕਨੀਕ ਦਾ ਵਿਕਾਸ ਸਭ ਤੋਂ ਅਹਿਮ ਹੈ ਤੇ ਤਕਨੀਕ ਦਾ ਮੂਲ ਸਿੱਖਿਆ ਵਿੱਚ ਹੈ।ਇਸ ਲਈ ਜੇ ਇਹ ਕਿਹਾ ਜਾਵੇ ਕਿ ਰੋਟੀ ਤੋਂ ਬਾਅਦ ਜ਼ਿੰਦਗੀ ਵਿੱਚ ਸਭ ਤੋਂ ਵੱਧ ਅਹਿਮੀਅਤ ਸਿੱਖਿਆ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ।ਉਂਝ ਵੀ ਆਪੋ-ਆਪਣੇ ਸਮਾਜ ਤੇ ਦੇਸ਼ ਦੀ ਤਰੱਕੀ ਲਈ ਚਿੰਤਤ ਚਿੰਤਕਾਂ ਨੇ ਤਾਂ ਇੱਥੇ ਤੱਕ ਵੀ ਆਖਿਆ ਕਿ ਤੁਸੀਂ ਇੱਕ ਰੋਟੀ ਘੱਟ ਖਾ ਲਵੋ ਪਰ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾਉਣ ਵਿੱਚ ਕੰਜੂਸੀ ਨਾ ਕਰੋ।

ਚੰਦਰਪਾਲ ਅੱਤਰੀ, ਲਾਲੜੂ


ਅੱਜ ਦੇ ਆਪਣੇ ਇਸ ਲੇਖ ਵਿੱਚ ਅਸੀ ਸਿੱਖਿਆ ਖੇਤਰ ਦੇ ਦੋ ਮੁੱਖ ਨੁਕਤਿਆਂ ਨੂੰ ਵਧੇਰੇ ਅਹਿਮੀਅਤ ਦੇਵਾਂਗੇ।ਹਾਲਾਂਕਿ ਸਾਡਾ ਇਨ੍ਹਾਂ ਨੁਕਤਿਆਂ ਨੂੰ ਅਹਿਮੀਅਤ ਦੇਣ ਦਾ ਮੰਤਵ ਇਹ ਨਹੀਂ ਕਿ ਇਨ੍ਹਾਂ ਨੁਕਤਿਆਂ ਵੱਲ ਧਿਆਨ ਦੇਣ ਨਾਲ ਸਿੱਖਿਆ ਖੇਤਰ ਵਿੱਚ ਸੌ ਫੀਸਦੀ ਸੁਧਾਰ ਹੋ ਜਾਵੇਗਾ ਪਰ ਐਨਾ ਜ਼ਰੂਰ ਹੈ ਕਿ ਇਹ ਨੁਕਤੇ ਸਿੱਖਿਆ ਦੇ ਸੁਧਾਰ ਦੀ ਬੁਨਿਆਦ ਸਨ,ਬੁਨਿਆਦ ਹਨ ਤੇ ਹਮੇਸ਼ਾ ਹੀ ਬੁਨਿਆਦ ਰਹਿਣਗੇ।ਇਸ ਤੋਂ ਪਹਿਲਾਂ ਅਸੀਂ ਸਪੱਸ਼ਟ ਕਰਾਂਗੇ ਕਿ ਸਿੱਖਿਆ ਦੇ ਦੋ ਖੇਤਰ ਹਨ।ਇੱਕ ਸਰਕਾਰੀ ਖੇਤਰ ਤੇ ਇੱਕ ਪ੍ਰਾਈਵੇਟ ਖੇਤਰ।ਸਰਕਾਰੀ ਖੇਤਰ ਸਰਕਾਰ ਤੇ ਲੋਕਾਂ ਸਹਾਰੇ ਹੈ ਜਦਕਿ ਪ੍ਰਾਈਵੇਟ ਖੇਤਰ ਵਿੱਚ ਨਿੱਜੀ ਲੋਕਾਂ ਦੀ ਅਜਾਰੇਦਾਰੀ ਹੈ।ਨਿੱਜੀ ਖੇਤਰ ਵਿੱਚ ਵੀ ਦੋ ਤਰ੍ਹਾਂ ਦੇ ਸਕੂਲ ਹਨ। ਇੱਕ ਪਾਸੇ ਲੱਖਾਂ ਰੁਪਏ ਦਾਖਲਾ ਤੇ ਫੀਸਾਂ ਲੈਣ ਵਾਲੇ ਸਕੂਲ ਹਨ ਜਦਕਿ ਦੂਜੇ ਪਾਸੇ ਪਿੰਡਾਂ ਵਿਚ ਬੇਹੱਦ ਮਾਮੂਲੀ ਫੀਸ ਨਾਲ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਨਿੱਜੀ ਸਕੂਲ ਵੀ ਹਨ।ਹਾਲਾਂਕਿ ਹੁਣ ਕਰੋਨਾਵਾਇਰਸ ਦੀ ਬਿਮਾਰੀ ਉਪਰੰਤ ਇਹ ਪਿੰਡਾਂ ਵਾਲੇ ਸਕੂਲ ਵੈਂਟੀਲੇਟਰ ਉਤੇ ਹਨ।ਹੈਰਾਨੀਜਨਕ ਇਹ ਹੈ ਕਿ ਲੱਖਾਂ ਰੁਪਏ ਦਾਖਲਾ ਤੇ ਫੀਸ ਲੈਣ ਵਾਲੇ ਸਕੂਲ ਵੀ ਮਾਪਿਆਂ ਦੀ ਸੰਤੁਸ਼ਟੀ ਨਹੀਂ ਕਰਾ ਪਾ ਰਹੇ।ਹੁਣ ਨਾ ਇਹ ਸਕੂਲ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਾ ਰਹੇ ਹਨ ਤੇ ਨਾ ਹੀ ਸਾਧਾਰਨ ਪਰਿਵਾਰਕ ਸਸਕਾਰ ਨਿਭਾਉਣ ਜੋਗੇ ਛੱਡ ਰਹੇ ਹਨ।ਫਿਰ ਵੀ ਮੁਕਾਬਲੇ 'ਚ ਬਣੇ ਰਹਿਣ ਲਈ ਇਹ ਸਕੂਲ ਕਾਇਮ ਰਹਿਣੇ ਜ਼ਰੂਰੀ ਹਨ,ਕਿਉਂਕਿ ਇਹ ਬੇਹੱਦ ਘੱਟ ਸਰੋਤਾਂ ਵਾਲੇ ਸਰਕਾਰੀ ਤੇ ਛੋਟੇ ਪ੍ਰਾਈਵੇਟ ਸਕੂਲਾਂ ਨੂੰ ਮੁਕਾਬਲੇ ਦੀ ਭਾਵਨਾ ਪ੍ਰਤੀ ਸਰਗਰਮ ਰੱਖਦੇ ਹਨ।
ਹੁਣ ਅਸੀਂ ਵਿਚਾਰੇ ਜਾਣ ਵਾਲੇ ਅਹਿਮ ਨੁਕਤਿਆਂ ਬਾਰੇ ਗੱਲ ਕਰੀਏ।ਇਨ੍ਹਾਂ ਨੁਕਤਿਆਂ ਵਿੱਚ ਸਭ ਤੋਂ ਅਹਿਮ ਸਕੂਲਾਂ ਵਿੱਚ ਅਧਿਆਪਕਾਂ ਦੀ ਉੱਚਿਤ ਨਿਯੁਕਤੀ ਤੇ ਗਿਣਤੀ ਹੈ।ਇਸ ਨਿਯੁਕਤੀ ਜਾਂ ਗਿਣਤੀ ਨੂੰ ਮਹਿਜ ਅਧਿਆਪਕਾਂ ਦੀ ਭਰਤੀ ਤੱਕ ਸੀਮਤ ਨਾ ਸਮਝਿਆ ਜਾਵੇ।ਕਿਸੇ ਦੇਸ਼ ਲਈ ਕਾਬਲ ਅਧਿਆਪਕਾਂ ਤੇ ਡਾਕਟਰਾਂ ਦੀ ਗਿਣਤੀ ਵੱਧ ਹੋਣਾ ਵੱਡੀ ਉਪਲਬਧੀ ਜ਼ਰੂਰ ਹੈ ਪਰ ਇਸ ਗਿਣਤੀ ਤੇ ਨਿਯੁਕਤੀ ਦੇ ਨਾਲ-ਨਾਲ ਉਕਤ ਦੋਵੇਂ ਧਿਰਾਂ ਦਾ ਭਾਵਨਾਤਮਕ ਹੋਣਾ ਜ਼ਰੂਰੀ ਹੈ।ਮਤਲਬ ਅਧਿਆਪਕ ਦਾ ਆਪਣੇ ਵਿਦਿਆਰਥੀ ਨਾਲ ਤੇ ਡਾਕਟਰ ਦਾ ਆਪਣੇ ਮਰੀਜ਼ ਨਾਲ ਅਜਿਹਾ ਜੁੜਾਅ ਹੋਵੇ,ਜੋ ਉਸ ਨੂੰ ਬੈਗਾਨੀਅਤ ਦੀ ਭਾਵਨਾ ਦਾ ਅਹਿਸਾਸ ਹੀ ਨਾ ਹੋਣ ਦੇਵੇ।ਅਜੇ ਤੱਕ ਸਾਡੀ ਮੀਡੀਆ ਤੇ ਚਿੰਤਕ ਧਿਰਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਦਾ ਮਸਲਾ ਹੀ ਉਠਾਉਂਦੇ ਹਨ।ਇਹ ਮਸਲਾ ਸਹੀ ਹੈ ਤੇ ਉਠਾਉਣਾ ਜ਼ਰੂਰੀ ਵੀ ਹੈ ਪਰ ਸਾਡੇ ਕੋਲ ਬਹੁਤ ਸਕੂਲ ਅਜਿਹੇ ਹਨ,ਜਿੱਥੇ ਅਧਿਆਪਕਾਂ ਦੀ ਗਿਣਤੀ ਪੂਰੀ ਹੈ ਪਰ ਉਸ ਦੇ ਬਾਵਜੂਦ ਉਹ ਸਕੂਲ ਨਤੀਜੇ ਦੇਣ ਵਿੱਚ ਫਿਸੱਡੀ ਸਾਬਤ ਹੋ ਰਹੇ ਹਨ।ਪੰਜਾਬ ਦੇ ਵੱਡੇ ਸ਼ਹਿਰਾਂ ਖਾਸ ਕਰ ਕੇ ਐਸ ਏ ਐਸ ਨਗਰ (ਮੋਹਾਲੀ)ਵਰਗੇ ਜ਼ਿਲ੍ਹੇ ਇਸ ਦੀ ਜਿਊਂਦੀ-ਜਾਗਦੀ ਮਿਸਾਲ ਹਨ।ਬਹੁਤ ਅਧਿਆਪਕ ਇਸ ਜ਼ਿਲ੍ਹੇ ਤੇ ਇਸ ਜ਼ਿਲ੍ਹੇ ਵਰਗੇ ਹੋਰਨਾਂ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਤਾਇਨਾਤ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਭ ਤੋਂ ਵੱਧ ਮਾੜੀ ਹਾਲਤ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਦੀ ਹੈ।ਕੋਈ ਭਾਵੇਂ ਮੰਨੇ ਜਾਂ ਨਾ ਮੰਨੇ ਇਸ ਮਾੜੀ ਕਾਰਗੁਜ਼ਾਰੀ ਦਾ ਇੱਕ ਅਹਿਮ ਕਾਰਨ ਅਧਿਆਪਕਾਂ -ਵਿਦਿਆਰਥੀਆਂ ਦਾ ਭਾਵਨਾਤਮਕ ਜੁੜਾਅ ਨਾ ਹੋਣਾ ਵੀ ਹੈ।ਹਾਲਾਂਕਿ ਅਸੀਂ ਇਸ ਸਮੱਸਿਆ ਲਈ ਨਿਰੋਲ ਅਧਿਆਪਕਾਂ ਨੂੰ ਜ਼ਿੰਮੇਵਾਰ ਨਹੀਂ ਮੰਨਦੇ ,ਸਗੋਂ ਇਸ ਸਮੱਸਿਆ ਪਿੱਛੇ ਬਕਾਇਦਾ ਇੱਕ ਪੂਰਾ ਗਠਜੋੜ ਹੈ।ਇਸ ਗਠਜੋੜ ਵਿੱਚ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੀ ਭੂਮਿਕਾ ਬੇਹੱਦ ਸ਼ੱਕੀ ਹੈ।ਸ਼ੱਕੀ ਤੋਂ ਭਾਵ ਇਹ ਵੀ ਮੰਨਿਆ ਜਾ ਸਕਦਾ ਕਿ ਜਾਂ ਤਾਂ ਇਹ ਗਠਜੋੜ ਬੇਹੱਦ ਅਣਭੋਲ ਹੈ ਜਾਂ ਬੇਹੱਦ ਚਾਲਾਕ ਹੈ।ਇਸ ਮਾਮਲੇ ਵਿੱਚ ਇੱਕ ਤੱਥ ਇਹ ਵੀ ਹੈ ਕਿ ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਜੀਵਨ ਪੱਧਰ ਵਿੱਚ ਜ਼ਮੀਨ - ਆਸਮਾਨ ਦਾ ਫਰਕ ਪੈ ਚੁੱਕਾ ਹੈ।ਸਰਕਾਰੀ ਸਕੂਲਾਂ ਵਿੱਚ ਵਧੇਰੇ ਬੱਚੇ ਨਿਰੋਲ ਦਿਹਾਤ ਦੇ ਛੋਟੇ ਤਬਕਿਆਂ ਨਾਲ ਸਬੰਧਤ ਹਨ।ਇਸ ਵਿਚੋਂ ਵੀ ਵਧੇਰੇ ਵਿਦਿਆਰਥੀ ਪਰਵਾਸੀ ਭਾਈਚਾਰੇ ਨਾਲ ਸਬੰਧਤ ਹਨ।ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਘਰ ਵਿਚੋਂ ਪੜ੍ਹਾਈ ਵਿੱਚ ਕੋਈ ਅਕਾਦਮਿਕ ਮਦਦ ਨਹੀਂ ਮਿਲਦੀ, ਜਿਸ ਦੇ ਚੱਲਦਿਆਂ ਉਹ ਪੜ੍ਹਾਈ ਵਿੱਚ ਪਛੜ ਰਹੇ ਹਨ।ਹਾਲਾਂਕਿ ਇਹ ਨਿਯਮ ਸਭਨਾ ਵਿਦਿਆਰਥੀਆਂ ਤੇ ਅਧਿਆਪਕਾਂ ਉਤੇ ਲਾਗੂ ਨਹੀਂ ਹੁੰਦੇ।ਅਜੇ ਵੀ ਵੱਡੀ ਗਿਣਤੀ ਸਰਕਾਰੀ ਅਧਿਆਪਕ ਤੇ ਵਿਦਿਆਰਥੀ ਬਹੁਤ ਹੀ ਪ੍ਰਤਿਭਾਸ਼ਾਲੀ ਨਤੀਜੇ ਦੇ ਰਹੇ ਹਨ।ਇਸ ਦੇ ਨਾਲ ਹੀ ਵਧੇਰੇ ਸਰਕਾਰੀ ਸਕੂਲਾਂ ਵੱਲੋਂ ਬੱਚਿਆਂ ਨੂੰ ਲਿਖਤੀ ਕੰਮ ਹੀ ਦਿੱਤਾ ਜਾਂਦਾ ਹੈ ਤੇ ਯਾਦ ਕਰਨ ਜਾਂ ਦੁਹਰਾਈ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ।ਪਹਿਲੇ ਅੱਠ-ਦੱਸ ਮਹੀਨੇ ਸਿਰਫ ਲਿਖਤੀ ਕੰਮ ਦੇਣ ਵਿੱਚ ਹੀ ਲੰਘ ਜਾਂਦੇ ਹਨ ਜਦਕਿ ਬਾਅਦ ਦੇ ਦੋ -ਤਿੰਨ ਮਹੀਨਿਆਂ ਵਿੱਚ ਬੱਚਾ ਕਿੰਨਾ ਕੁ ਯਾਦ ਕਰ ਸਕਦਾ ਹੈ।ਇਸ ਲਈ ਅਧਿਆਪਕਾਂ ਦਾ ਇਸ ਦਿਸ਼ਾ ਵੱਲ ਸੋਚਣਾ ਜ਼ਰੂਰੀ ਹੈ,ਕਿਉਂਕਿ ਦਹੁਰਾਈ ਤੇ ਪੜ੍ਹਨ ਦੀ ਰਫਤਾਰ ਬੱਚੇ ਦੀ ਬੁੱਧੀ ਨੂੰ ਵਿਕਸਤ ਕਰਦੀ ਹੈ।
ਸਿੱਖਿਆ ਦੇ ਬੁਨਿਆਦੀ ਢਾਂਚੇ ਦਾ ਵਿਚਾਰਿਆ ਜਾਣ ਵਾਲਾ ਦੂਜਾ ਅਹਿਮ ਨੁਕਤਾ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਹਨ।ਬਹੁਤ ਥਾਈਂ ਇਹ ਸਕੂਲੀ ਇਮਾਰਤਾਂ ਖੰਡਰ ਬਣ ਚੁੱਕੀਆਂ ਹਨ।ਕਈ ਥਾਈਂ ਤਾਂ ਇਹ ਇਮਾਰਤਾਂ ਆਪਣੇ ਅੰਤ ਨੂੰ ਉਡੀਕ ਰਹੀਆਂ ਹਨ।ਕੁੱਝ ਕੁ ਥਾਈਂ ਭਾਵੇਂ ਵਿਦਿਆਰਥੀ ਘੱਟ ਹਨ ਤੇ ਸਕੂਲ ਵਿੱਚ ਕਮਰੇ ਵੱਧ ਹਨ ਜਦਕਿ ਵਧੇਰੇ ਥਾਈਂ ਸਕੂਲ ਕਮਰਿਆਂ ਦੀ ਘਾਟ ਨਾਲ ਜੂਝ ਰਹੇ ਹਨ।ਪੰਜਾਬ ਵਿੱਚ ਕਈ ਸਕੂਲ ਅਜਿਹੇ ਹਨ,ਜਿੱਥੇ ਵਿਦਿਆਰਥੀਆਂ ਦੀ ਗਿਣਤੀ ਬੇਹਿਸਾਬ ਹੋਣ ਕਾਰਨ ,ਉਨ੍ਹਾਂ ਸਕੂਲਾਂ ਨੂੰ ਦੋ ਸਿਫਟਾਂ ਵਿੱਚ ਚਲਾਉਣਾ ਪੈ ਰਿਹਾ ਹੈ।ਇਸ ਸਮੇਂ ਸਕੂਲ ਦੀਆਂ ਇਮਾਰਤਾਂ ਇਸ ਕਦਰ ਖਸਤਹਾਲ ਤੇ ਬਦਸੂਰਤ ਹਨ ਕਿ ਸਾਧਾਰਨ ਵਿਅਕਤੀ ਇਨ੍ਹਾਂ ਦੇ ਨੇੜਿਓਂ ਵੀ ਲੰਘਣਾ ਪਸੰਦ ਨਹੀਂ ਕਰਦਾ।ਵਿਦਿਆਰਥੀ ਖਾਸ ਕਰ ਕਿ ਛੋਟੇ ਬੱਚੇ ਬੇਹੱਦ ਮਲੂਕ ਹੁੰਦੇ ਹਨ ਤੇ ਉਹ ਰੰਗਾਂ ਨੂੰ ਬੇਹਿਸਾਬ ਪਿਆਰ ਕਰਦੇ ਹਨ ਜਦਕਿ ਇਹ ਬਦਸੂਰਤ ਸਕੂਲ ਉਨ੍ਹਾਂ ਦੇ ਜਿਹਨ ਵਿੱਚ ਬੇਹੱਦ ਬੁਰਾ ਪ੍ਰਭਾਵ ਪਾਉਂਦੇ ਹਨ।ਉਂਝ ਸਾਨੂੰ ਉਨ੍ਹਾਂ ਸਰਕਾਰਾਂ ਦਾ ਕੀ ਫਾਇਦਾ ਜੋ ਸਾਨੂੰ ਇਮਾਰਤਾਂ ਦੀ ਉਸਾਰੀ ਤਾਂ ਛੱਡੋ,ਸਾਡੀਆਂ ਪਹਿਲੀਆਂ ਇਮਾਰਤਾਂ ਨੂੰ ਰੰਗ-ਰੌਗਣ ਵੀ ਨਾ ਕਰਾ ਸਕਣ ?ਬਹੁਤ ਸਕੂਲਾਂ ਪ੍ਰਤੀ ਸਰਕਾਰ ਦੀ ਅਣਦੇਖੀ ਵੱਡੀ ਚਿੰਤਾ ਦਾ ਵਿਸ਼ਾ ਹੈ।ਸਰਕਾਰ ਇਨ੍ਹਾਂ ਸਕੂਲਾਂ ਵੱਲ ਧਿਆਨ ਨਹੀਂ ਦਿੰਦੀ ।ਹਾਂ ਜੇ ਕੋਈ ਪ੍ਰਿੰਸੀਪਲ, ਹੈੱਡਮਾਸਟਰ ਜਾਂ ਅਧਿਆਪਕ ਖੁਦ ਹੀ ਸਰਗਰਮ ਹੋਵੇ ਤਾਂ ਉਹ ਪਿੰਡ ਦੇ ਮੋਹਤਬਰਾਂ ਤੇ ਸਿਆਸੀ ਆਗੂਆਂ ਤੋਂ ਸਕੂਲ ਬਾਰੇ ਕੁੱਝ ਕਰਵਾ ਲੈਂਦਾ ਹੈ ,ਨਹੀਂ ਤਾਂ ਬਾਕੀ ਸਭ ਕੁੱਝ ਸਰਕਾਰ ਤੇ ਭਗਵਾਨ ਸਹਾਰੇ ਹੈ।
ਹੁਣ ਅੰਤ ਵਿੱਚ ਅਸੀ ਇਨ੍ਹਾਂ ਨੁਕਤਿਆਂ ਦੇ ਹੱਲ ਬਾਰੇ ਵਿਚਾਰ ਕਰੀਏ ਤਾਂ ਇਸ ਮਾਮਲੇ ਵਿੱਚ ਪਹਿਲੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ।ਸਰਕਾਰ ਹਰ ਸਕੂਲ ਵਿੱਚ ਅਧਿਆਪਕ ਪੂਰੇ ਕਰੇ ਤੇ ਫਿਰ ਉਸ ਸਕੂਲ ਵਿੱਚ ਅਜਿਹਾ ਮੁੱਖੀ ਲਾਵੇ ਜੋ ਨਾ ਸਿਰਫ ਕਾਬਲ ਹੋਵੇ,ਸਗੋਂ ਸਿੱਖਿਆ ਪ੍ਰੇਮੀ ਹੋਵੇ।ਉਹ ਨਿਰੰਤਰ ਜਮਾਤਾਂ ਦੀ ਇਸ ਤਰ੍ਹਾਂ ਨਿਗਰਾਨੀ ਕਰੇ ਕਿ ਨਾ ਅਧਿਆਪਕ ਬੁਰਾ ਮਨਾਉਣ ਤੇ ਨਾ ਹੀ ਉਨ੍ਹਾਂ ਦੇ ਮਨ ਵਿੱਚ ਵੱਡੇ-ਛੋਟੇ ਦੀ ਭਾਵਨਾ ਆਵੇ।ਇਸ ਦੇ ਨਾਲ ਹੀ ਅਧਿਆਪਕ ਸਕੂਲ ਨੂੰ ਸਿਰਫ ਰੁਜ਼ਗਾਰ ਦਾ ਸਾਧਨ ਸਮਝਣ ਦੀ ਥਾਂ ਆਪਣੇ ਖੁਦ ਦੇ ਬੱਚਿਆਂ ਦੇ ਸਕੂਲ ਵਜੋਂ ਤੇ ਦੇਸ਼ ਪ੍ਰੇਮ ਦੀ ਭਾਵਨਾ ਦੀ ਤਰ੍ਹਾਂ ਲੈਣ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਗੰਭੀਰਤਾ ਨਾਲ ਲੈ ਲੈਣ ਤਾਂ ਨਾ ਸਿਰਫ ਵਿਦਿਆਰਥੀ ਤਰੱਕੀ ਕਰਣਗੇ,ਸਗੋਂ ਖੁਦ ਅਧਿਆਪਕ ਵੀ ਭਵਿੱਖੀ ਅਧਿਆਪਕਾਂ ਦੀਆਂ ਰੁਜ਼ਗਾਰ ਪੱਖੋਂ ਜੜ੍ਹਾਂ ਬੰਨ ਜਾਣਗੇ।
ਦੂਜਾ ਨੁਕਤਾ ਜੋ ਇਮਾਰਤਾਂ ਦੀ ਉਸਾਰੀ ਤੇ ਸਾਂਭ-ਸੰਭਾਲ ਤੇ ਰੰਗ -ਰੰਗਾਈ ਬਾਰੇ ਹੈ,ਉਸ ਵਿੱਚ ਨਿਰੋਲ ਸਰਕਾਰ ਨੂੰ ਸਰਗਰਮ ਹੋਣਾ ਪਵੇਗਾ।ਇਮਾਰਤਾਂ ਦੀ ਉਸਾਰੀ ਤੇ ਸਾਂਭ -ਸੰਭਾਲ ਕਿਸੇ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਤੇ ਜੇ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਤੇ ਵਿਦਿਆਰਥੀਆਂ ਦੇ ਜੀਵਨ ਨੂੰ ਰੰਗ-ਬਿਰੰਗਾ ਬਣਾਉਣਾ ਹੈ ਤਾਂ ਸਾਨੂੰ ਇਸ ਦਿਸ਼ਾ ਵਿੱਚ ਪੂਰੀ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ।ਅੰਤ ਵਿੱਚ ਅਸੀਂ ਇੱਕ ਗੱਲ ਹੋਰ ਸਪੱਸ਼ਟ ਕਰਨਾ ਚਾਹਾਂਗੇ ਕਿ ਇਹ ਲੇਖ ਲਿਖਣ ਦਾ ਸਾਡਾ ਮੰਤਵ ਨਿਰੋਲ ਤੇ ਨਿਰੋਲ ਆਪਣੇ ਜਵਾਕਾਂ ਦਾ ਅਕਾਦਮਿਕ ਵਿਕਾਸ ਕਰਨਾ ਤੇ ਸਰਕਾਰੀ ਸਿਸਟਮ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣਾ ਹੈ,ਕਿਉਂਕਿ ਜੇ ਸਿਸਟਮ ਸਹੀ ਬਣ ਜਾਵੇਗਾ ਤਾਂ ਸਮਾਜ ਤੇ ਦੇਸ਼ ਦੀ ਤਰੱਕੀ ਵੀ ਯਕੀਨੀ ਬਣ ਜਾਵੇਗੀ।ਉਮੀਦ ਹੈ ਕਿ ਅਧਿਆਪਕ ,ਸਰਕਾਰਾਂ ਤੇ ਸਿਸਟਮ ਇਨ੍ਹਾਂ ਨੁਕਤਿਆਂ ਪ੍ਰਤੀ ਹਾਂ-ਪੱਖੀ ਹੁੰਗਾਰਾ ਦੇਣਗੇ।

ਮੋਬਾਈਲ :07889111988

ਵੀਡੀਓ

ਹੋਰ
Have something to say? Post your comment
X