Hindi English Monday, 29 April 2024 🕑
BREAKING
ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ: ਭਗਵੰਤ ਮਾਨ ਹੁਸ਼ਿਆਰਪੁਰ : ਖੇਤਾਂ ‘ਚ ਟਰੈਕਟਰ ਪਲਟਣ ਕਾਰਨ 16 ਸਾਲਾ ਨੌਜਵਾਨ ਦੀ ਮੌਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ’ਚ ਇਕ-ਦੂਜੇ ਉਤੇ ਚਲਾਈਆਂ ਕੁਰਸੀਆਂ ਚੋਣ ਡਿਊਟੀ ‘ਤੇ ਜਾ ਰਹੇ ਮੁਲਾਜ਼ਮਾਂ ਦੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ,ਤਿੰਨ ਦੀ ਮੌਤ ਦਰਜਨ ਤੋਂ ਵੱਧ ਜ਼ਖਮੀ ਵਿੱਕੀ ਗੌਂਡਰ ਗੈਂਗ ਦਾ ਗੈਂਗਸਟਰ ਅਸਲੇ ਸਮੇਤ ਗ੍ਰਿਫ਼ਤਾਰ ਪੰਜਾਬ ‘ਚ ਰੇਹੜੀ ਵਾਲੇ ਵੱਲੋਂ ਛੋਲੇ-ਭਟੂਰਿਆਂ ਦਾ ਰੇਟ ਵਧਾਉਣ ‘ਤੇ DC ਨੂੰ ਕੀਤੀ ਸ਼ਿਕਾਇਤ, SDM ਕਰ ਰਹੇ ਜਾਂਚ ਸ਼ੰਭੂ ਬਾਰਡਰ ਨੂੰ ਖੋਲ੍ਹਣ ਦਾ ਮਾਮਲਾ ਹਾਈਕੋਰਟ ਪਹੁੰਚਿਆ, ਭਾਰਤੀ ਚੋਣ ਕਮਿਸ਼ਨ ਨੂੰ ਵੀ ਕੀਤੀ ਸ਼ਿਕਾਇਤ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਮਣੀਪੁਰ ‘ਚ 6 ਪੋਲਿੰਗ ਕੇਂਦਰਾਂ 'ਤੇ ਦੋਬਾਰਾ ਹੋਵੇਗੀ ਵੋਟਿੰਗ CM ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੋਡ ਸ਼ੋਅ

ਲੇਖ

More News

ਡੇਂਗੂ ਬੁਖਾਰ: ਕਾਰਨ, ਲੱਛਣ, ਪਹਿਚਾਣ, ਪ੍ਰਹੇਜ ਤੇ ਇਲਾਜ

Updated on Thursday, November 23, 2023 12:10 PM IST

ਡਾ. ਅਜੀਤਪਾਲ ਸਿੰਘ ਐਮ.ਡੀ.

 ਡੇਂਗੂ ਤੇ ਚਿਕਨਗੁਨੀਆ ਵਾਇਰਲ ਬੁਖਾਰ ਹਨ ਜੋ ਡੀਈ ਐੱਨ-1,ਡੀ ਈ ਐਨ-2, ਡੀ ਈ ਐਨ-3 ਤੇ ਡੀ ਈ ਐੱਨ-4 ਵਿਚੋਂ ਕਿਸੇ ਇੱਕ ਵਾਇਰਸ ਜਾਂ ਇੱਕ ਦੇ ਨਾਲ ਦੂਜੇ ਸਟੈ੍ਨ ਦੇ ਕਾਰਨ ਹੁੰਦਾ ਹੈ।ਏਡੀਜ਼ ਏਜਿਪਟਾਈ ਤੇ ਏੈਲਵੋਪਿਕਟਸ ਨਾਮਕ ਪ੍ਰਜਾਤੀ ਦੇ ਦੋ ਮੱਛਰ ਹੀ ਇਨ੍ਹਾਂ ਡੇਂਗੂ ਤੇ ਚਿਕਨਗੁਨੀਆ ਰੋਗਾਂ ਨੂੰ ਫੈਲਾਉਣ ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ। ਡੇਂਗੂ ਬੁਖਾਰ ਅਚਾਨਕ ਹੁੰਦਾ ਹੈ ਜਿਸ ਨਾਲ ਰੋਗੀ ਨੂੰ ਤੇਜ਼ ਬੁਖਾਰ ਸਰੀਰ ਤੇ ਦਾਣੇ, ਭਿਅੰਕਰ ਸਿਰਦਰਦ, ਅੱਖਾਂ ਪਿੱਛੇ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਅਸਹਿ ਦਰਦ ਹੁੰਦਾ ਹੈ। ਇਸ ਦਰਦ ਦੀ ਭਿਆਨਕਤਾ ਦੇ ਕਾਰਨ ਡੇਂਗੂ ਬੁਖਾਰ ਨੂੰ "ਹੱਡੀ ਤੋੜ ਬੁਖਾਰ" ਵੀ ਕਹਿੰਦੇ ਹਨ।           

ਲੱਛਣ:-                                                                     

ਉਲਟੀ ਆਉਣੀ, ਜੀ ਕੱਚਾ ਹੋਣਾ, ਭੁੱਖ ਨਾ ਲੱਗਣਾ ਤੇ ਬੁਖਾਰ ਦੇ 3 ਦਿਨਾਂ ਪਿਛੋਂ ਦਾਣੇ ਨਿਕਲ ਆਉਣੇ ਇਸ ਦੇ ਮੁੱਖ ਲੱਛਣ ਹਨ। ਇਹ ਬੀਮਾਰੀ ਦਸ ਦਿਨਾਂ ਤੱਕ ਰਹਿੰਦੀ ਹੈ ਪਰ ਇਸ ਤੋਂ ਪੂਰੀ ਤਰ੍ਹਾਂ ਛੁਟਕਾਰੇ ਵਿੱਚ ਲੱਗਭੱਗ ਇੱਕ ਮਹੀਨਾ ਲੱਗ ਜਾਂਦਾ ਹੈ। ਇਹ ਬੀਮਾਰੀ ਜੇ ਖਾੜਕੂ ਰੂਪ ਧਾਰਨ ਕਰ ਲਵੇ ਤਾਂ ਡੇਂਗੂ "ਹੈਮੋਰੈਜਿਕ ਫੀਵਰ" ਵਿੱਚ ਬਦਲ ਜਾਂਦਾ ਹੈ, ਜਿਸ ਖ਼ੂਨ ਅੰਦਰ ਪਲੇਟਲੈਟਸ ਦੀ ਬਹੁਤ ਕਮੀ ਹੋ ਜਾਂਦੀ ਹੈ ਅਤੇ ਮੂੰਹ ਮਸੂੜੇ ਤੇ ਸਰੀਰ ਦੇ ਵੱਖ ਵੱਖ ਅੰਗਾਂ ਵਿੱਚੋਂ ਖ਼ੂਨ ਵਗਣ ਲੱਗਦਾ ਹੈ। ਜੇ ਤੁਰੰਤ ਇਲਾਜ ਨਾ ਮਿਲੇ ਤਾਂ ਖੂਨ ਇਕੱਠਾ ਹੋਣ ਵਾਲੀ ਥਾਂ ਤੇ ਨਸਾਂ ਨੂੰ ਹਰਜਾ ਹੋ ਜਾਂਦਾ ਹੈ। ਇਹ ਡੇਂਗੂ ਸ਼ਾਕ ਸਿੰਡਰੋਮ ਪੈਦਾ ਕਰਕੇ ਮਰੀਜ਼ ਨੂੰ ਮੌਤ ਵੱਲ ਵੀ ਲੈ ਜਾ ਸਕਦੇ ਹਨ।                   

 ਕੀਤਾ ਕੀ ਜਾਵੇ ?                                                                   

ਪੂਰੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਮਾਹਿਰਾਂ ਦੀ ਰਾਇ ਹੈ ਕਿ ਬਿਸਤਰੇ ਤੇ ਵੱਧ ਤੋਂ ਵੱਧ ਆਰਾਮ ਕੀਤਾ ਜਾਵੇ,ਵੱਧ ਤੋਂ ਤਰਲ ਪਦਾਰਥ ਲਏ ਜਾਣ,ਬੁਖਾਰ ਤੇ ਦਰਦ ਦੀ ਤੀਬਰਤਾ ਨੂੰ ਘੱਟ ਕਰਨ ਲਈ ਪਾਣੀ ਦੀਆਂ ਪੱਟੀਆਂ ਲਾਈਆਂ ਜਾਣ। ਐੱਸਪਰੀਨ ਤੇ ਆਈਬੋਪੋ੍ਫਿਨ ਵਰਗੀਆਂ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ, ਸਿਰਫ ਪੈਰਾਸੀਟਾਮੋਲ ਹੀ ਲਈ ਜਾ ਸਕਦੀ ਹੈ। ਐਸਪੀ੍ਨ ਤੇ ਬਰੂਫਿਨ ਲੈਣੀ ਹਾਨੀਕਾਰਕ ਹੁੰਦੀ ਹੈ। ਇਸ ਲਈ ਇਹਨਾਂ ਤੋਂ ਪਰਹੇਜ਼ ਹੀ ਕਰੋ। ਜੇ ਬੁਖਾਰ ਤੇਜ਼ ਹੋ ਗਿਆ ਹੋਵੇ ਅਤੇ ਰੋਗੀ "ਹੈਮੋਰੈਜਿਕ ਫੀਵਰ" ਵਿੱਚ ਜਾ ਰਿਹਾ ਹੋਵੇ ਤੇ ਸਰੀਰ ‘ਚ ਖੂਨ ਵਗ ਰਿਹਾ ਹੋਵੇ ਭਾਵ ਹੈਮਰੇਜ ਹੋ ਗਿਆ ਹੋਵੇ ਤੇ ਪਲੇਟਲੈਟਸ ਕਾਫ਼ੀ ਗਿਣਤੀ ਵਿੱਚ ਘਟ ਜਾਣ ਤਾਂ ਰਕਤ(ਪਲੇਟਲੈਟਸ ਭਰਪੂਰ ਪਲਾਜ਼ਮਾ) , ਤਰਲ ਪਦਾਰਥ ਅਤੇ ਲਵਣ ਦੇਣਾ ਜਿੰਦਗੀ ਬਚਾਉਣ ਦਾ ਇੱਕੋ ਇੱਕ ਰਾਹ ਹੁੰਦਾ ਹੈ। ਚਿਕਨਗੁਨੀਆ ਰੋਗ ਵੀ ਏਡੀਜ਼ ਮੱਛਰ ਕਾਰਨ ਫੈਲਦਾ ਹੈ, ਇਸ ਵਿੱਚ ਤੇਜ਼ ਬੁਖ਼ਾਰ ਤਾਂ  ਦੋ-ਤਿੰਨ ਦਿਨ ਵਿੱਚ ਹੀ ਉੱਤਰ ਜਾਂਦਾ ਹੈ ਪਰ ਜੋੜਾਂ ਦਾ ਦਰਦ, ਨੀਂਦ ਨਾ ਆਉਣੀ ਤੇ ਆਪਣੇ ਆਪ ਨੂੰ ਬਹੁਤ ਹੀ ਬੇਵਸ ਤੇ ਬੇਸਹਾਰਾ ਜਿਹਾ ਮਹਿਸੂਸ ਕਰਨਾ ਆਦਿ ਲੱਛਣ ਕਾਫੀ ਦਿਨਾਂ ਤੱਕ ਬਣੇ ਰਹਿੰਦੇ ਹਨ।                                                               

ਡੇਂਗੂ ਦਾ ਦੂਜਾ ਹੱਲਾ ਵੱਧ ਖਤਰਨਾਕ ਕਿਉਂ ਹੁੰਦਾ ਹੈ ?               

ਜੇ ਤੁਸੀਂ ਪਿਛਲੇ ਸਾਲ ਡੇਂਗੂ ਦੇ ਸ਼ਿਕਾਰ ਹੋਏ ਸੀ ਤਾਂ ਇਸ ਵਾਰੀ ਆਪ ਨੂੰ ਵੱਧ ਚੌਕਸ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਦੂਜਾ ਅਟੈਕ ਵੱਧ ਖ਼ਤਰਨਾਕ ਹੋ ਸਕਦਾ ਹੈ। ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਤੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਕੇ. ਕੇ. ਅਗਰਵਾਲ ਅਨੁਸਾਰ ਡੇਂਗੂ ਚਾਰ ਕਿਸਮ ਦਾ ਹੁੰਦਾ ਹੈ ਅਤੇ ਇੱਕ ਬੰਦਾ ਡੇਂਗੂ ਦੀ ਮਾਰ ਹੇਠ ਚਾਰ ਵਾਰੀ ਆ ਸਕਦਾ ਹੈ। ਇੱਕ ਤੋਂ ਪਿੱਛੋਂ ਇੱਕ ਡੇਂਗੂ ਇਨਫੈਕਸ਼ਨ ਹਮੇਸ਼ਾ ਗੰਭੀਰ ਹੁੰਦੀ ਹੈ ਅਤੇ ਇਸ ਨਾਲ ਮੌਤ ਦਾ ਖ਼ਤਰਾ ਵੀ ਵੱਧ ਹੁੰਦਾ ਹੈ। ਡਾਕਟਰ ਅਗਰਵਾਲ ਨੇ ਕਿਹਾ ਕਿ ਡੇਂਗੂ ਦਾ ਸ਼ਿਕਾਰ ਵਿਅਕਤੀ ਮਲੇਰੀਆ ਦੀ ਗ੍ਰਿਫ਼ਤ ਵਿੱਚ ਆ ਸਕਦਾ ਹੈ। ਮਲੇਰੀਆ ਤੇ ਡੇਂਗੂ ਦੋਹਾਂ ਦੇ ਇੱਕ ਵਾਰੀ ਹੋਣ ਨਾਲ ਪਲੇਟਲੈਟਸ ਦੀ ਗਿਣਤੀ ਖਤਰਨਾਕ ਪੱਧਰ ਤੱਕ ਘੱਟ ਹੋ ਜਾਂਦੀ ਹੈ। ਜਿਸ ਕਰਕੇ ਸਮੱਸਿਆ ਜਟਿਲ ਹੋ ਜਾਂਦੀ ਹੈ। ਡੇਂਗੂ ਦੇ ਮੌਸਮ ‘ਚ ਬੁਖਾਰ ਲਈ ਐਸਪਰੀਨ ਨਹੀਂ ਲੈਣੀ ਚਾਹੀਦੀ ਕਿਉਂਕਿ ਇਸ ਨਾਲ ਖੂਨ ਵਗਣ ਦਾ ਖ਼ਤਰਾ ਰਹਿੰਦਾ ਹੈ। ਡੇਂਗੂ ਜ਼ਿਆਦਾਤਰ ਜਟਿਲ ਬੁਖਾਰ ਦੇ ਆਉਣ ਤੋਂ ਇੱਕ ਦੋ ਦਿਨ ਪਿੱਛੋਂ ਹੁੰਦਾ ਹੈ ਤੇ ਇਸ ਦੌਰਾਨ ਬਹੁਤੇ ਲੋਕ ਧਿਆਨ ਨਹੀਂ ਦਿੰਦੇ। ਪੇਟ ਵਿੱਚ ਕਿਸੇ ਵੀ ਕਿਸਮ ਦਾ ਦਰਦ, ਬੁਖਾਰ ਪਿੱਛੋਂ ਕਮਜ਼ੋਰੀ ਜਾਂ ਆਲਸਪਣ ਹੋਵੇ ਤਾਂ ਡਾਕਟਰ ਦੀ ਰਾਇ ਲੈਣੀ ਚਾਹੀਦੀ ਹੈ। ਇਸ ਦੌਰਾਨ ਡੇਂਗੂ ਦੀ ਜਟਿਲਤਾ ਬਲੱਡ ਵਾਅਲੂਮ ਦੇ ਸ਼ਿਫਟ ਹੋਣ ਨਾਲ ਹੁੰਦੀ ਹੈ ਤੇ ਅਜਿਹੇ ਮਰੀਜ਼ ਨੂੰ ਤੁਰੰਤ ਤਰਲ ਪਦਾਰਥ ਦੇਣ ਦੀ ਲੋੜ ਹੁੰਦੀ ਹੈ ਤਾਂ ਕਿ ਉਦੋਂ ਤੱਕ ਹੈਮਰੇਜ ਨਾ ਹੋਵੇ। ਪਲੇਟਲੈਟਸ ਦੀ ਗਿਣਤੀ 20 ਹਜ਼ਾਰ ਤੋਂ ਘਟੇ ਨਾ ਤਾਂ ਫਿਰ ਪਲੇਟਲੈਟਸ ਦਿਤੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ।                                           

ਕੁਦਰਤੀ ਤਬਦੀਲੀਆਂ ਨਾਲ ਡੇਂਗੂ ਦਾ ਵਾਇਰਸ ਘਾਤਕ ਹੋ ਚੁੱਕਾ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਡੇਂਗੂ ਦੀ ਸਮੱਸਿਆ ਦਿਨੋਂ ਦਿਨ ਭਿਅੰਕਰ ਕਿਉਂ ਹੁੰਦੀ ਜਾ ਰਹੀ ਹੈ ਜਦ ਕਿ ਸਿਹਤ ਪ੍ਰਤੀ ਲੋਕਾਂ ਵਿੱਚ ਚੇਤਨਾ ਵਧੀ ਹੈ ਤੇ ਸਰਕਾਰ ਦਾ ਖਰਚਾ ਵੀ ? ਡੇਂਗੂ ਦੋ ਕਾਰਨਾਂ ਕਰਕੇ ਵਧਿਆ ਹੈ, ਇੱਕ ਸ਼ਹਿਰੀਕਰਨ ਕਰਕੇ ਤੇ ਦੂਜਾ ਸਨਅਤੀਕਰਨ ਕਰਕੇ।ਇਸ ਦੇ ਵਾਇਰਸ ਵਿੱਚ ਹੋ ਰਹੀ ਮਿਊਟੇਸ਼ਨ ਭਾਵ ਢਾਂਚਾ ਢਲਾਈ ਕਰਕੇ ਇਹ ਵੱਧ ਖਤਰਨਾਕ ਹੋ ਗਿਆ ਹੈ। ਸ਼ਹਿਰਾਂ ਵਿੱਚ ਜਿੱਥੇ ਉਸਾਰੀ ਦੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਹਨ, ਪ੍ਰਤੀ ਵਰਗ ਕਿਲੋਮੀਟਰ 'ਤੇ ਆਬਾਦੀ ਦਾ ਦਬਾਅ ਜ਼ਿਆਦਾ ਹੈ, ਉੱਥੇ ਡੇਂਗੂ ਦੇ ਕੇਸ ਵੱਧ ਰਹੇ ਹਨ। ਵਜਾਹ ਸਾਫ਼ ਹੈ ਕਿ ਉਸਾਰੀ ਸਰਗਰਮੀਆਂ ਕਾਰਨ ਥਾਂ ਥਾਂ ਪਾਣੀ ਜਮ੍ਹਾਂ ਹੁੰਦਾ ਹੈ। ਦੂਜਾ ਸਾਡੇ ਇੱਥੇ ਨਿਕਾਸੀ (ਡਰੇਨੇਜ਼) ਪ੍ਰਬੰਧ ਵਿੱਚ ਖ਼ਰਾਬੀ ਕਰਕੇ ਵੀ ਕਈ ਵਾਰੀ ਪਾਣੀ ਜਮ੍ਹਾ ਹੋ ਜਾਂਦਾ ਹੈ। ਸਾਫ ਪਾਣੀ ‘ਚ ਹੀ ਏਡੀਜ਼ ਮੱਛਰ ਵਧਦਾ ਫੁੱਲਦਾ ਹੈ। ਮੱਛਰ ਪਾਣੀ ਚ ਅੰਡੇ ਦਿੰਦਾ ਹੈ ਅਤੇ ਦਿਨ ਰਾਤ ਦੁੱਗਣੀ ਚੌਗੁਣੀ ਰਫ਼ਤਾਰ ਨਾਲ ਵਧਦਾ ਜਾਂਦਾ ਹੈ। ਮੱਛਰਾਂ ਦੀ ਇਹੀ ਫੌਜ ਦਿਨ ‘ਚ ਲੋਕਾਂ ਨੂੰ ਕੱਟ ਕੇ ਡੇਂਗੂ ਫੈਲਾਉਂਦੀ ਹੈ।                                                             

ਵਾਇਰਸ ਘਾਤਕ ਕਿਵੇਂ ਹੋ ਰਿਹਾ ਹੈ ?                                         

ਡੇਂਗੂ ਵਾਇਰਸ ਚਾਰ ਕਿਸਮ ਦਾ ਹੁੰਦਾ ਹੈ। ਇਹ ਡੇਂਗੂ 1,2,3,ਤੇ 4 ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕੁਦਰਤ ਵਿੱਚ ਆ ਰਹੇ ਬਦਲਾਵਾਂ ਕਾਰਨ ਇਨ੍ਹਾਂ ਵਾਇਰਸਾਂ ਵਿੱਚ ਵੀ ਤਬਦੀਲੀਆਂ ਆ ਰਹੀਆਂ ਹਨ। ਇਹ ਵੀ ਵੇਖਿਆ ਗਿਆ ਹੈ ਕਿ ਇੱਕ ਵਾਇਰਸ ਦੀ ਇਨਫੈਕਸ਼ਨ ਪਿੱਛੋਂ ਦੂਜੇ ਵਾਇਰਸ ਦੀ ਇਨਫੈਕਸ਼ਨ ਨਹੀਂ ਹੁੰਦੀ ਸੀ ਪਰ ਹੁਣ ਕਈ ਮਰੀਜ਼ ਅਜਿਹੇ ਵੀ ਆ ਰਿਹੈ ਜਿਨ੍ਹਾਂ ਨੂੰ ਪਿਛਲੇ ਸਾਲ ਡੇਂਗੂ-1 ਦੀ ਇਨਫੈਕਸ਼ਨ ਹੋਈ ਸੀ ਤੇ ਇਸ ਸਾਲ ਡੇਂਗੂ-2 ਫੀ ਇਨਫੈਕਸ਼ਨ ਹੋ ਰਹੀ ਹੈ। ਵਾਇਰਸ ਦੀਆਂ ਵੱਖ ਵੱਖ ਉਪ ਕਿਸਮਾਂ ਤੋਂ ਜੋ ਪ੍ਰਤੀਰੋਧੀ ਸਮਰੱਥਾ ਹੁੰਦੀ ਹੈ ਉਹ ਜਾਂ ਤਾਂ  ਖਤਮ ਹੋ ਰਹੀ ਹੈ ਜਾਂ ਘੱਟ ਹੋ ਰਹੀ ਹੈ।                               

 ਕਿਵੇਂ ਪਤਾ ਲੱਗੇ ਕਿ ਬੁਖਾਰ ਡੇਂਗੂ ਹੀ ਹੈ:-                                 

102 ਡਿਗਰੀ ਤੋਂ ਵੱਧ ਵਾਲਾ ਤੇਜ਼ ਬੁਖਾਰ ਲੱਗਭੱਗ ਦੋ ਦਿਨ ਰਹੇ, ਨਾਲ ਹੀ ਸਿਰ ਦਰਦ,ਬਦਨ ਦਰਦ,ਪੇਟ ਦਰਦ,ਉਲਟੀਆਂ'ਪੇਟ ਵਿੱਚ ਮਰੋੜੇ ਉਠਣੇ ਆਦਿ ਵਰਗੇ ਲੱਛਣ ਡੇਂਗੂ ਦੇ ਹੋ ਸਕਦੇ ਹਨ। ਜੇ ਇਨ੍ਹਾਂ ਚੋਂ ਕੋਈ ਦੋ ਲੱਛਣ ਹਨ ਤਾਂ ਡੇਂਗੂ ਹੋ ਸਕਦਾ ਹੈ। ਖੂਨ ਦੀ ਜਾਂਚ ਕਰਾ ਲੈਣੀ ਚਾਹੀਦੀ ਹੈ। ਜੇ ਜਾਂਚ ਵਿੱਚ ਪਲੇਟਲੈਟਸ ਤੇ ਚਿੱਟੇ ਰਕਤ ਕਣਾ ਵਿੱਚ ਕੋਈ ਕਮੀ ਦਿਸਦੀ ਹੋਵੇ ਤਾਂ ਡੇਂਗੂ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ। ਇਸ ਪਿੱਛੋਂ ਦੇ ਦੋ ਟੈਸਟ ਹੋਰ ਐਨ ਐਸ ਆਈ ਐਂਟੀਜਨ ਤੇ ਡੇਂਗੂ ਸਿਰੋਲੋਜੀ ਐਂਟੀਬਾਡੀਜ਼ ਕੀਤੀ ਜਾਂਦੇ ਹਨ। ਜੇ ਇਹ ਟੈਸਟ ਵੀ ਪੋਜੇਟਿਵ ਹੋਣ ਤਾਂ ਡੇਂਗੂ ਦੀ ਕਰੀਬ ਕਰੀਬ ਪੁਸ਼ਟੀ ਹੋ ਜਾਂਦੀ ਹੈ। ਸੌ ਫੀਸਦੀ ਪੁਸ਼ਟੀ ਤੇ ਉਸ ਦੀ ਕਿਸਮ ਦੀ ਪੁਸ਼ਟੀ ਡੇਂਗੂ ਵਾਇਰਸ ਕਲਵਰ ਨਾਲ ਹੁੰਦੀ ਹੈ। ਇਹ ਸਹੂਲਤ ਸਿਰਫ ਵੱਡੀਆਂ ਲਬਾਰਟਰੀਆਂ ਵਿੱਚ ਹੀ ਹੈ, ਜਿਵੇਂ ਦਿੱਲੀ ਚ ਨੈਸ਼ਨਲ ਸੈਂਟਰ ਫਾਰ ਦਿ ਡਿਸੀਜ ਕੰਟਰੋਲ(ਐੱਨਸੀਡੀਸੀ) ਤੇ ਪੂਣੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਬਾਇਰੋਲੋਜੀ ਵਿੱਚ ਇਹ ਸਹੂਲਤ ਹੈ।ਡੇਂਗੂ ਦੀ ਪੁਸ਼ਟੀ ਲਈ ਇਨ੍ਹਾਂ ਸੰਸਥਾਵਾਂ ‘ਚ ਨਮੂਨੇ ਭੇਜੇ ਜਾਂਦੇ ਹਨ।                                 

ਮਰੀਜ਼ਾਂ ਨੂੰ ਹਸਪਤਾਲ ਭਰਤੀ ਕਰਨ ਦੀ ਲੋੜ ਕਦੋਂ ਪੈਂਦੀ ਹੈ ?

ਜਦ ਗੁੰਝਲਾਂ ਰੁੱਕ ਨਾ ਰਹੀਆਂ ਹੋਣ ਅਤੇ ਪਲੇਟਲੈੱਟ  ਲਗਾਤਾਰ ਘੱਟ ਰਹੇ ਹੋਣ ਤਾਂ ਅਜਿਹੀ ਹਾਲਤ ਵਿੱਚ ਮਰੀਜ਼ ਨੂੰ ਭਰਤੀ ਕਰਵਾਉਣਾ ਬਿਹਤਰ ਹੁੰਦਾ ਹੈ। ਜੇ ਅਜਿਹੀ ਹਾਲਤ ਨਾ ਹੋਵੇ ਤਾਂ ਰੋਗੀ ਦਾ ਘਰ ਬੈਠ ਕੇ ਹੀ ਇਲਾਜ ਕੀਤਾ ਜਾਂਦਾ ਹੈ।             

 ਡੇਂਗੂ ਦਾ ਪੱਕਾ ਇਲਾਜ ਹੈ ਕੋਈ ?                                                 

ਡੇਂਗੂ ਵਾਇਰਸ ਨੂੰ ਮਾਰਨ ਵਾਲੀ ਵੱਖਰੀ ਕੋਈ ਦਵਾਈ ਨਹੀਂ ਹੈ ਸਿਰਫ ਲੱਛਣਾਂ ਦੇ ਆਧਾਰ ਤੇ ਮੁਹੱਈਆ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ ਹੈ,ਨਾ ਹੀ ਅਜੇ ਤੱਕ ਡੇਂਗੂ ਰੋਕਣ ਵਾਲਾ ਟੀਕਾ (ਵੈਕਸੀਨ) ਹੀ ਬਣਿਆ ਹੈ।                                     

ਆਮ ਬੁਖਾਰ ਦੇ ਮੁਕਾਬਲਤਨ ਡੇਂਗੂ ਘਾਤਕ ਕਿਵੇਂ ਕਿਹਾ ਜਾ ਸਕਦਾ ਹੈ ?                                                               

ਡੇਂਗੂ ਦੌਰਾਨ ਖੂਨ ਦੇ ਇਕ ਮਹੱਤਵਪੂਰਨ ਤੱਤ ਪਲਾਜ਼ਮਾ ਦਾ ਰਿਸਾਅ ਸ਼ੁਰੂ ਹੋ ਜਾਂਦਾ ਹੈ। ਇਹ ਪਾਣੀ ਵਰਗਾ ਤਰਲ ਪਦਾਰਥ ਹੁੰਦਾ ਹੈ ਅਤੇ ਇਸ ਦੀ ਭੂਮਿਕਾ ਖੂਨ ਦੇ ਪ੍ਰਸਾਰ ਵਿੱਚ ਹੁੰਦੀ ਹੈ। ਇਸ ਦੀ ਕਮੀ ਕਾਰਨ ਗੁਰਦਿਆਂ ਸਮੇਤ ਸਰੀਰ ਦੇ ਕਈ ਅੰਗਾਂ ਤੇ ਦਬਾਅ ਪੈਣ ਲੱਗਦਾ ਹੈ। ਦੂਜਾ ਜਦ ਪਲੈਟਲੇੈਟ ਵੀਹ ਹਜ਼ਾਰ ਤੋਂ ਹੇਠਾਂ ਆ ਜਾਂਦੇ ਹਨ ਤਾਂ ਖੂਨ ਦਾ ਵਗਣਾ ਸ਼ੁਰੂ ਹੋ ਸਕਦਾ ਹੈ। ਇਹ ਹਾਲਤ ਵਿੱਚ ਹੀ ਜ਼ਿਆਦਾ ਦੇਰ ਬਣੀ ਰਹੇ ਜਾਂ ਇਸ ਦੀ ਸੰਭਾਵਨਾ ਹੋਵੇ ਤਾਂ ਸਰੀਰ ਚ ਖੂਨ ਦੀ ਘੱਟ ਹੋ ਜਾਂਦੀ ਹੈ। ਇਸ ਲਈ ਇਹ ਕਿਤੇ ਵੱਧ ਘਾਤਕ ਹੈ।                                                 

ਟੈਸਟ ਕਦੋਂ ਤੇ ਕਿਹੜਾ ਕਰਵਾਇਆ ਜਾਵੇ ?                           

ਜੇ ਬੁਖਾਰ ਤੇਜ਼ ਹੋਵੇ, ਜੋੜਾਂ ਦੇ ਦਰਦ ਹੋਣ ਤਾਂ ਫੌਰਨ ਡੇਂਗੂ ਟੈਸਟ ਕਰਵਾਓ। ਤੇਜ਼ ਬੁਖਾਰ ਕਿਸੇ ਕਾਰਨ ਵੀ ਹੋਵੇ ਫਿਜ਼ੀਸ਼ਨ ਪਾਸ ਜਾਂਚ ਵਿੱਚ ਦੇਰ ਨਾ ਕਰੋ। ਸ਼ੁਰੂਆਤੀ ਜਾਂਚ ਲਈ ਐਂਟੀਜਨ ਬਲੱਡ ਟੈਸਟ ਐੱਨ ਐੱਸ-1 ਕੀਤਾ ਜਾਵੇ। ਹਾਲਾਂ ਕਿ ਇਸ ਟੈਸਟ ਵਿੱਚ ਡੇਂਗੂ ਸ਼ੁਰੂ ਤੋਂ ਵੱਧ ਪਾਜ਼ੇਟਿਵ ਆਉਂਦਾ ਹੈ,ਜਦੋਂ ਕਿ ਹੌਲੀ ਹੌਲੀ ਪਾਜ਼ੇਟਿਵਿਟੀ ਘੱਟ ਹੋਣ ਲੱਗਦੀ ਹੈ। ਇਹ ਸ਼ਾਇਦ ਇੱਕ ਹਜਾਰ ਤੋਂ ਪੰਦਰਾਂ ਸੌ ਰੁਪਏ ਵਿੱਚ ਹੋ ਜਾਂਦਾ ਹੈ। ਤੇਜ਼ ਬੁਖਾਰ ਹੋਣ ਦੇ ਜੇ ਤਿੰਨ ਚਾਰ ਦਿਨਾਂ ਪਿੱਛੋਂ ਟੈਸਟ ਕਰਵਾਉਂਦੇ ਹਾਂ ਤਾਂ ਐਂਟੀਬਾਡੀ ਟੈਸਟ (ਡੇਂਗੂ ਸਿਰਾਲੋਜੀ) ਹੀ ਕਰਨਾ ਚਾਹੀਦਾ ਹੈ। ਇਸ ਲਈ ਛੇ ਸੌ ਤੋਂ ਪੰਦਰਾਂ ਸੌ ਰੁਪਏ ਲਗ ਸਕਦੇ ਹਨ। ਟੈਸਟ ਦੀ ਰਿਪੋਰਟ ਤੋਂ ਚੌਵੀ ਘੰਟੇ ਵਿੱਚ ਆ ਜਾਂਦੀ ਹੈ। ਅੱਛੀ ਲਬਾਟਰੀ ਵਿੱਚ ਰਿਪੋਰਟ ਦੋ-ਤਿੰਨ ਘੰਟੇ ਵਿੱਚ ਆ ਜਾਂਦੀ ਹੈ। ਆਪ ਇਹ ਟੈਸਟ ਖਾਲੀ ਪੇਟ ਜਾਂ ਖਾਣਾ ਖਾ ਕੇ ਵੀ ਕਰਵਾ ਸਕਦੇ ਹੋ।                   

ਕੀ ਹੈ ਪਲੇਟਲੈਟਸ ਦਾ ਗਣਿਤ ?                             

 ਤੰਦਰੁਸਤ ਆਦਮੀ ਦੇ ਸਰੀਰ ਵਿੱਚ ਡੇਢ ਤੋਂ ਸਾਢੇ ਚਾਰ ਲੱਖ ਤੱਕ ਪਲੇਟਲੈਟਸ ਹੁੰਦੇ ਹਨ। ਪਲੇਟਲੈਟਸ ਖੂਨ ਦਾ ਉਹ ਹਿੱਸਾ ਹੈ ਜੋ ਸਰੀਰ ਅੰਦਰ ਖੂਨ ਦੇ ਵਗਣ(ਹੈਮਰੇਜ) ਨੂੰ ਰੋਕਣ ਦਾ ਕੰਮ ਕਰਦਾ ਹੈ। ਜੇਕਰ ਪਲੈਟਲੈਟਸ ਇੱਕ ਲੱਖ ਤੋਂ ਘਟ ਜਾਣ ਤਾਂ ਉਹਦੀ ਵਜ੍ਹਾ ਡੇਂਗੂ ਹੋ ਸਕਦੀ ਹੈ। ਪਰ ਇਹ ਵੀ ਜ਼ਰੂਰੀ ਨਹੀਂ ਕਿ ਜਿਸ ਨੂੰ ਡੇਂਗੂ ਹੋਵੇ ਉਸ ਦੇ ਪਲੈਟਲੈਟਸ ਥੱਲੇ ਜਰੂਰ ਆਉਣ ਅਤੇ ਪਲੇਟਲੈਟਸ ਘਟਣ ਦਾ ਮਤਲਬ ਲਾਜਮੀ ਡੇਂਗੂ ਨਹੀਂ। ਪਲੇਟਲੈਟਸ ਘੱਟ ਹੋਣ ਦੀ ਦੂਜੀ ਵਜ੍ਹਾ ਵੀ ਹੋ ਸਕਦੀ ਹੈ। ਕਈ ਵਾਰ ਮਲੇਰੀਏ ਚ ਵੀ ਪਲੇਟਲੈਟਸ ਘੱਟ ਹੋ ਜਾਂਦੇ ਹਨ। ਜੇ ਪਲੈਟਲੈਟਸ ਇੱਕ ਲੱਖ ਤੋਂ ਘੱਟ ਹੋ ਜਾਣ ਤਾਂ ਮਰੀਜ਼ ਨੂੰ ਹਸਪਤਾਲ ਵਿਖਾਉਣਾ ਜ਼ਰੂਰੀ ਹੋ ਜਾਂਦਾ ਹੈ।                     

 ਡੇਂਗੂ ਤੋਂ ਬਚਾਅ ਦੇ ਤਰੀਕੇ:-                                               

ਹਫਤੇ ਵਿੱਚ ਇੱਕ ਵਾਰ ਕੂਲਰ ਜਾਂ ਕਿਸੇ ਵੀ ਹੋਰ ਕੰਟੇਨਰ ਦਾ ਪਾਣੀ ਜ਼ਰੂਰ ਬਦਲੋ। ਮੱਛਰਾਂ ਤੋਂ ਬਚਣ ਲਈ ਰੋਜ਼ਾਨਾ ਘਰ ਵਿੱਚ ਕੀਟਨਾਸ਼ਕ ਛਿੜਕੇ। ਕੱਪੜੇ ਅਜਿਹੇ ਪਹਿਨੋ ਕਿ ਸਰੀਰ ਨੂੰ ਪੂਰਾ ਢਕ ਕੇ ਰੱਖਣ। ਬੱਚਿਆਂ ਨੂੰ ਪੂਰੀ ਬਾਂਹ ਦੀ ਕਮੀਜ਼ ਤੇ ਪੈਂਟ ਪਹਿਨਾ ਕੇ ਖੇਡਣ ਭੇਜੋ। ਸੌਣ ਸਮੇਂ ਮੱਛਰਦਾਨੀ ਵਰਤੋ। ਘਰ ਜਾਂ ਦਫਤਰ ਦੇ ਬਾਹਰ ਪਾਣੀ ਖੜ੍ਹਾ ਨਾ ਹੋਣ ਦਿਓ। ਟੋਇਆਂ ਵਿੱਚ ਮਿੱਟੀ ਭਰ ਦਿਓ। ਨਾਲੀਆਂ ਸਾਫ ਰੱਖੋ। ਕੂਲਰ ਅਜਿਹੀ ਟਰੇਅ ਵਿੱਚ ਰੱਖੋ ਜਿੱਥੇ ਪਾਣੀ ਜਮ੍ਹਾਂ ਨਾ ਹੋ ਸਕੇ। ਪਾਣੀ ਖੜ੍ਹਾ ਹੋਵੇ ਤਾਂ ਉਸ ਉਪਰ ਕੈਰੋਸੀਨ ਤੇਲ ਪਾ ਦਿਓ। ਘਰ ਵਿੱਚ ਟੁੱਟੇ ਡੱਬੇ, ਟਾਇਰ, ਬਰਤਨ, ਬੋਤਲਾਂ ਆਦਿ ਨਾ ਰੱਖੋ। ਜੇ ਰੱਖੋ ਤਾਂ ਮੂਧਾ ਮਾਰ ਕੇ ਰੱਖੋ। ਪਾਣੀ ਦੀ ਟੈਂਕੀ ਨੂੰ ਅੱਛੀ ਤਰ੍ਹਾਂ ਬੰਦ ਕਰਕੇ ਰੱਖੋ ਕਿਉਂਕਿ ਡੇਂਗੂ ਵਾਲਾ ਮੱਛਰ ਸਾਫ਼ ਪਾਣੀ ਤੇ ਪਲਦਾ ਹੈ। ਸਵੇਰੇ ਅੱਠ ਤੋਂ ਸ਼ਾਮ ਪੰਜ ਵਜੇ ਦੇ ਵਿਚਕਾਰ ਡੇਂਗੂ (ਏਡੀਜ਼) ਮੱਛਰ ਕੱਟਦਾ ਹੈ। ਏਡੀਜ਼ ਮੱਛਰ ਸੌ ਤੋਂ ਚਾਰ ਸੌ ਮੀਟਰ ਤੱਕ ਹੀ ਉੱਡ ਸਕਦਾ ਹੈ। ਇਸ ਦੀ ਉਮਰ ਵੀ ਦਸ ਪੰਦਰਾਂ ਦਿਨ ਹੀ ਹੁੰਦੀ ਹੈ। ਇਸ ਦੌਰਾਨ ਇਹ 24 ਲੋਕਾਂ ਨੂੰ ਕੱਟ ਸਕਦਾ ਹੈ। ਮਰਨ ਤੋਂ ਪਹਿਲਾਂ ਇੱਕ ਮੱਛਰ ਆਪਣੇ ਵਰਗੇ ਦੋ ਸੌ ਹੋਰ ਮੱਛਰ ਪੈਦਾ ਕਰ ਚੁੱਕਿਆ ਹੁੰਦਾ ਹੈ। ਡੇਂਗੂ ਸੀਜ਼ਨ ਸਮੇਂ ਖ਼ੂਨ ਦੀ ਨਿਯਮਿਤ ਜਾਂਚ ਕਰਵਾਉਂਦੇ ਰਹੋ। ਜੇ ਪਲੇਟਲੈਟਸ ਵੀਹ ਹਜ਼ਾਰ ਤੋਂ ਘਟਣ ਤਾਂ  ਖਾਸ ਖਿਆਲ ਰਖੋ ਤੇ ਹਸਪਤਾਲ ਚ ਭਰਤੀ ਹੋ ਕੇ ਪਲੇੈਟਲੈਟਸ ਚੜਾਓ। ਇਹ ਜੀਵਨ ਰੱਖਿਅਕ ਇੱਕੋ ਇੱਕ ਉਪਾਅ ਹੈ। ਵਧ ਤੋਂ ਵੱਧ ਆਰਾਮ ਕਰੋ। ਬਚਾਅ ਵਿੱਚ ਹੀ ਇਲਾਜ ਹੈ, ਇਸ ਲਈ ਅੱਛੀ ਪੌਸ਼ਟਿਕ ਖੁਰਾਕ ਖਾਓ, ਵਾਧੂ ਤਰਲ ਪਦਾਰਥ ਲਓ ਅਤੇ ਨੀਂਦ ਵੀ ਅੱਛੀ ਲਓ।                       

ਡਾਕਟਰ ਅਜੀਤਪਾਲ ਸਿੰਘ ਐੱਮ ਡੀ                              ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ             9815629301                  ajitpal1952@gmail.com

ਵੀਡੀਓ

ਹੋਰ
Have something to say? Post your comment
X